ਫ਼ਿਰੋਜ਼ਪੁਰ, 27 ਅਪ੍ਰੈਲ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਇੱਕ ਨਿਊਜ਼ ਚੈਨਲ 'ਤੇ ਖ਼ਾਲਿਸਤਾਨ ਸਮਰਥਕ ਸਿੱਖਾਂ ਨੂੰ ਸਿਰ ਵਿਚ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਭਾਜਪਾ ਬੁਲਾਰੇ ਰਮਨ ਮਲਿਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੀ.ਏ.ਸੀ. ਮੈਂਬਰ ਗੁਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਸੌਂਪੇ ਮੰਗ ਪੱਤਰ ਵਿਚ ਪਾਰਟੀ ਅਹੁਦੇਦਾਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਸੰਵਿਧਾਨਕ ਅਤੇ ਕਾਨੂੰਨੀ ਦਾਇਰੇ ਵਿਚ ਰਹਿ ਕੇ ਆਪਣੀ ਮੰਗ ਰੱਖਦਾ ਆ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਸ ਤਰ੍ਹਾਂ ਦੇ ਬਿਆਨ ਪੰਜਾਬ ਅਤੇ ਦੇਸ਼ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਜਾਂ ਫਿਰਕੇ ਖ਼ਿਲਾਫ਼ ਹਿੰਸਕ ਧਮਕੀਆਂ ਦੇਣਾ ਸਮਾਜ ਵਿਚ ਨਫ਼ਰਤ ਅਤੇ ਵੰਡ ਪੈਦਾ ਕਰਦਾ ਹੈ | ਜਿਸ ਨਾਲ ਗੰਭੀਰ ਨਤੀਜੇ ਨਿਕਲ ਸਕਦੇ ਹਨ | ਪਾਰਟੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ | ਮੰਗ ਪੱਤਰ ਵਿਚ ਅਕਾਲੀ ਦਲ ਅੰਮਿ੍ਤਸਰ ਨੇ ਮੰਗ ਕੀਤੀ ਕਿ ਰਮਨ ਮਲਿਕ ਖ਼ਿਲਾਫ਼ ਕਾਨੂੰਨ ਅਨੁਸਾਰ ਪਰਚਾ ਦਰਜ ਕੀਤਾ ਜਾਵੇ | ਨਾਲ ਹੀ ਜਿਸ ਨਿਊਜ਼ ਚੈਨਲ 'ਤੇ ਇਹ ਪ੍ਰੋਗਰਾਮ ਚਲਾਇਆ ਗਿਆ, ਉਸ 'ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਪਾਰਟੀ ਨੇ ਭਾਜਪਾ ਤੋਂ ਵੀ ਮੰਗ ਕੀਤੀ ਕਿ ਆਪਣੇ ਬੁਲਾਰੇ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੇ ਭੜਕਾਊ ਬਿਆਨ ਦੇਣ ਤੋਂ ਗੁਰੇਜ਼ ਕਰੇ | ਇਸ ਮੌਕੇ ਪ੍ਰਗਟ ਸਿੰਘ ਵਾਉਕੇ, ਸੁੱਚਾ ਸਿੰਘ ਬਸਤੀ ਭਾਨੇ ਵਾਲੀ, ਸੂਰਤ ਸਿੰਘ ਮਮਦੋਟ, ਮੇਹਰ ਸਿੰਘ ਮਮਦੋਟ, ਗੁਰਵਿੰਦਰ ਸਿੰਘ ਮਹਾਲਮ, ਗੁਰਦੇਵ ਸਿੰਘ ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰ ਸਿੰਘ, ਬਿਕਰਮਜੀਤ ਸਿੰਘ, ਲਖਵਿੰਦਰ ਸਿੰਘ ਸੁਪਰ, ਮੋਹਨ ਸਿੰਘ ਨਿਆਜੀਆਂ, ਡਾ ਜਗਰੂਪ ਸਿੰਘ, ਮਲਕੀਤ ਸਿੰਘ ਆਦਿ ਵੀ ਮੌਜੂਦ ਸਨ |