ਗੁਰੂਹਰਸਹਾਏ, 28 ਅਪ੍ਰੈਲ (ਕਪਿਲ ਕੰਧਾਰੀ)-ਗਊ ਸਨਮਾਨ ਦਿਵਸ ਮੌਕੇ ਗਊ ਭਗਤਾਂ ਵਲੋਂ ਸਰਕਾਰ ਦੇ ਨਾਂਅ ਮੰਗ ਪੱਤਰ ਗੁਰੂਹਰਸਹਾਏ ਦੇ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੂੰ ਸੌਂਪਿਆ ਗਿਆ | ਮੰਗ ਪੱਤਰ ਵਿਚ ਗਊ ਨੂੰ ਰਾਸ਼ਟਰੀ ਸਨਮਾਨ ਦੇਣ ਦੀ ਮੰਗ ਕੀਤੀ ਗਈ | ਇਸ ਦੌਰਾਨ ਗਊ ਭਗਤਾਂ ਨੇ ਦੋਸ਼ ਲਗਾਇਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਗਊਸ਼ਾਲਾਵਾਂ ਵਿਚ ਗਊਆਂ ਦੀ ਢੰਗ ਨਾਲ ਸੰਭਾਲ ਕਰਨ ਵਿਚ ਅਸਫਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਈ ਮਾਲਕ ਦੁੱਧ ਦੇਣਾ ਬੰਦ ਹੋਣ 'ਤੇ ਗਊਆਂ ਨੂੰ ਛੱਡ ਜਾਂਦੇ ਹਨ | ਜਿਸ ਨਾਲ ਇਹ ਗਊਆਂ ਸੜਕਾਂ 'ਤੇ ਆਵਾਰਾ ਘੁੰਮਦੀਆਂ ਹਨ | ਗਊ ਭਗਤਾਂ ਨੇ ਇਹ ਵੀ ਕਿਹਾ ਕਿ ਸਰਕਾਰ ਵਲੋਂ ਗਊ ਸੈੱਸ ਦੇ ਨਾਂ 'ਤੇ ਲੋਕਾਂ ਕੋਲੋਂ ਟੈਕਸ ਤਾਂ ਇਕੱਠਾ ਕੀਤਾ ਜਾ ਰਿਹਾ ਹੈ, ਪਰ ਗਊਸ਼ਾਲਾਵਾਂ ਵਿਚ ਢਾਂਚਾਗਤ ਸੁਵਿਧਾਵਾਂ, ਚਾਰੇ ਅਤੇ ਡਾਕਟਰੀ ਸਹੂਲਤਾਂ ਦੀ ਘਾਟ ਨਜ਼ਰ ਆ ਰਹੀ ਹੈ | ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਰਕਮ ਇਕੱਠੀ ਕੀਤੀ ਜਾ ਰਹੀ ਹੈ ਤਾਂ ਇਸ ਦਾ ਸਹੀ ਇਸਤੇਮਾਲ ਕਿਉਂ ਨਹੀਂ ਹੋ ਰਿਹਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਛੱਡੀਆਂ ਗਈਆਂ ਗਊਆਂ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵੱਧ ਰਿਹਾ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕੇ ਗਊਸ਼ਾਲਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ ਅਤੇ ਗਊ ਸੈੱਸ ਦੀ ਰਕਮ ਦਾ ਸਹੀ ਉਪਯੋਗ ਯਕੀਨੀ ਬਣਾਇਆ ਜਾਵੇ | ਇਸ ਮੌਕੇ ਗਊ ਭਗਤ ਬੌਬੀ ਗਲਹੋਤਰਾ, ਸੰਦੀਪ ਮਦਾਨ, ਤਰਸੇਮ ਬਜਾਜ, ਨਰੇਸ਼ ਸਿੱਕਰੀ, ਡਿੰਪਲ ਭਠੇਜਾ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਿ੍ਸ਼ਨ ਲਾਲ ਨਰੂਲਾ ਸਮੇਤ ਹੋਰ ਸਾਥੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਗਊ ਮਾਤਾ ਨੂੰ ਰਾਸ਼ਟਰੀ ਪੱਧਰ 'ਤੇ ਉੱਚ ਸਨਮਾਨ ਦਿੱਤਾ ਜਾਵੇ | ਗਊ ਸੇਵਾ ਲਈ ਦੇਸ਼ ਭਰ ਵਿਚ ਇਕਸਾਰ ਕੇਂਦਰੀ ਕਾਨੂੰਨ ਬਣਾਇਆ ਜਾਵੇ | ਗਊ ਹੱਤਿਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ | ਇਸ ਮੌਕੇ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੇ ਸਮੂਹ ਗਊ ਭਗਤਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੇ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਦਿੱਤੇ ਜਾਣਗੇ |