ਫਿਰੋਜ਼ਸ਼ਾਹ, 2 ਮਈ (ਸਰਬਜੀਤ ਸਿੰਘ ਧਾਲੀਵਾਲ)-?ਸੀ.ਆਈ.ਐੱਸ.ਸੀ.ਈ, ਨਵੀਂ ਦਿੱਲੀ ਵਲੋਂ ਹਾਲ ਹੀ ਵਿਚ ਐਲਾਨੇ ਗਏ ਬਾਰ੍ਹਵੀਂ (ਆਈ.ਐੱਸ.ਸੀ.) ਅਤੇ ਦਸਵੀਂ (ਆਈ.ਸੀ.ਐੱਸ.ਈ.) ਜਮਾਤ ਦੇ ਨਤੀਜਿਆਂ ਵਿਚ ਜੋਗਿੰਦਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਸਕੂਲ ਦੇ ਮਿਆਰੀ ਵਿੱਦਿਅਕ ਮਾਹੌਲ ਅਤੇ ਅਧਿਆਪਕਾਂ ਦੇ ਸੁਚੱਜੇ ਮਾਰਗ ਦਰਸ਼ਨ ਸਦਕਾ ਵਿਦਿਆਰਥੀਆਂ ਨੇ ਉੱਚੇ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਇਲਾਕੇ ਵਿਚ ਹੋਰ ਵੀ ਰੌਸ਼ਨ ਕੀਤਾ ਹੈ | ?ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਹਰਨੂਰ ਕੌਰ ਨੇ 97.6 ਫ਼ੀਸਦੀ ਅੰਕਾਂ ਨਾਲ ਸਕੂਲ ਵਿਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਆਸਪ੍ਰੀਤ ਕੌਰ (97 ਫ਼ੀਸਦੀ), ਨਵਜੋਤ ਕੌਰ (96 ਫ਼ੀਸਦੀ), ਹਰਮਨਪ੍ਰੀਤ ਕੌਰ (94 ਫ਼ੀਸਦੀ), ਹਰਦਿਲ-ਅਜ਼ੀਜ਼ ਸਿੰਘ ਢਿੱਲੋਂ (93.75 ਫ਼ੀਸਦੀ), ਯੁਵਰਾਜ ਸਿੰਘ (92.5 ਫ਼ੀਸਦੀ), ਗਗਨਪ੍ਰੀਤ ਸਿੰਘ (92.25 ਫ਼ੀਸਦੀ) ਅਤੇ ਮਨਵੀਰ ਕੌਰ (92 ਫ਼ੀਸਦੀ) ਨੇ ਵੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ | ਜ਼ਿਕਰਯੋਗ ਹੈ ਕਿ ਬਾਰ੍ਹਵੀਂ ਜਮਾਤ ਦੇ ਕੁੱਲ 33 ਵਿਦਿਆਰਥੀ ਪ੍ਰੀਖਿਆ ਵਿਚ ਸ਼ਾਮਲ ਹੋਏ | ਜਿਨ੍ਹਾਂ ਵਿਚੋਂ 15 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਵਿਸ਼ੇ-ਵਾਰ ਸਫਲਤਾ ਵਿਚ ਪੰਜਾਬੀ ਵਿਸ਼ੇ ਵਿਚ 11, ਰਾਜਨੀਤੀ ਸ਼ਾਸਤਰ (ਪੋਲ ਸਾਇੰਸ) ਵਿਚ 3 ਅਤੇ ਕੈਮਿਸਟਰੀ ਵਿਚ 1 ਵਿਦਿਆਰਥੀ ਨੇ 100 ਵਿਚੋਂ 100 ਅੰਕ ਹਾਸਲ ਕੀਤੇ ਹਨ | ?ਇਸੇ ਤਰ੍ਹਾਂ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਜਸ਼ਨਦੀਪ ਕੌਰ ਨੇ 96.4 ਫਿੱਸਦੀ ਅੰਕ ਹਾਸਲ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਹੋਰਨਾਂ ਵਿਦਿਆਰਥੀਆਂ ਵਿਚ ਆਯੂਸ਼ ਸ਼ਰਮਾ (95.2 ਫ਼ੀਸਦੀ), ਜਸਲੀਨ ਕੌਰ (94.6 ਫ਼ੀਸਦੀ), ਰਵਨੀਤ ਕੌਰ (94 ਫ਼ੀਸਦੀ), ਅਵਿਜੋਤ ਸਿੰਘ ਬੰਗੜ (91.4 ਫ਼ੀਸਦੀ), ਸੰਜਲੀ (90.6 ਫ਼ੀਸਦੀ) ਅਤੇ ਅਰਮਾਨਪ੍ਰੀਤ ਕੌਰ (90.2 ਫ਼ੀਸਦੀ) ਨੇ ਵੀ ਕਾਬਲੇ-ਤਾਰੀਫ਼ ਅੰਕ ਪ੍ਰਾਪਤ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂਅ ਉੱਚਾ ਕੀਤਾ ਹੈ | ਦਸਵੀਂ ਜਮਾਤ ਦੇ 42 ਵਿਦਿਆਰਥੀਆਂ ਨੇ ਪਹਿਲੇ ਦਰਜੇ (ਫ਼ਸਟ ਡਿਵੀਜ਼ਨ) ਵਿਚ ਸਫਲਤਾ ਹਾਸਲ ਕੀਤੀ ਹੈ | ਵਿਸ਼ੇ-ਵਾਰ ਸਫਲਤਾ ਵਿਚ ਪੰਜਾਬੀ ਵਿਚ 4, ਹਿਸਟਰੀ ਵਿਚ 1 ਅਤੇ ਜਿਓਗ੍ਰਾਫੀ ਵਿਚ 1 ਵਿਦਿਆਰਥੀ ਨੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ | ?ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਸਕੂਲ ਦੇ ਪਿ੍ੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਅਤੇ ਚੇਅਰਮੈਨ ਹਰਦੀਪ ਸਿੰਘ ਧਾਲੀਵਾਲ ਨੇ ਸਮੂਹ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਸਾਂਝਾ ਨਤੀਜਾ ਹੈ | ਇਸ ਮੌਕੇ 'ਤੇ ਉਪ ਪਿ੍ੰਸੀਪਲ ਰਜਨੀ ਬਜਾਜ, ਕੋਆਰਡੀਨੇਟਰ ਪਵੀਤ ਸ਼ਰਮਾ, ਵਿਕਾਸ ਕੌਸ਼ਲ ਅਤੇ ਸ਼ਿਵਰਾਜ ਸਿੰਘ ਸਿੱਧੂ ਨੇ ਵੀ ਹਾਜ਼ਰ ਹੋ ਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ |