ਫ਼ਿਰੋਜਪੁਰ, 2 ਮਈ (ਕੁਲਬੀਰ ਸਿੰਘ ਸੋਢੀ)-ਪਿਛਲੇ ਲੰਮੇ ਸਮੇਂ ਤੋਂ ਨਵਜੰਮੇ ਬੱਚਿਆਂ ਅਤੇ ਵੱਡੇ ਬੱਚਿਆਂ ਨੂੰ ਸਿਹਤ ਸੁਵਿਧਾਵਾਂ ਇਕ ਛੱਤ ਹੇਠ ਸੰਧੂ ਹਸਪਤਾਲ ਵਿਖੇ ਮੁਹੱਈਆ ਹੋ ਰਹੀਆਂ ਹਨ | ਜਿੱਥੇ ਲੋਕਾਂ ਨੂੰ ਵਧੀਆ ਇਲਾਜ 'ਤੇ ਸਰਕਾਰੀ ਸਕੀਮਾਂ ਦਾ ਵੱਡੇ ਪੱਧਰ 'ਤੇ ਫ਼ਾਇਦਾ ਹੋ ਰਿਹਾ ਹੈ | ਬੀਤੇ ਦਿਨੀਂ ਇਕ ਪਰਿਵਾਰ ਦੇ ਘੱਟ ਵਜ਼ਨ ਵਾਲੇ ਜੁੜਵਾ ਬੱਚਿਆਂ ਨੂੰ ਦੂਸਰਾ ਜਨਮ ਡਾਕਟਰ ਦੀ ਦੇਖ-ਰੇਖ ਤੇ ਸਟਾਫ਼ ਵਲੋਂ ਵਧੀਆ ਸੁਵਿਧਾਵਾਂ ਦੇਣ ਕਰਕੇ ਮਿਲਿਆ ਹੈ | ਹਸਪਤਾਲ ਦੇ ਮਾਲਕ ਤੇ ਸੀਨੀਅਰ ਡਾ. ਰਾਜਿੰਦਰ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਕ ਪਰਿਵਾਰ ਦੇ ਘਰ ਨਵੀਂ ਦਿੱਲੀ ਵਿਖੇ ਜੁੜਵਾ ਬੱਚਿਆਂ ਨੇ ਜਨਮ ਲਿਆ ਸੀ | ਜਿਨ੍ਹਾਂ ਦਾ ਜਨਮ ਸਮੇਂ ਵਜ਼ਨ ਕੇਵਲ 900 ਗ੍ਰਾਮ ਸੀ | ਉਨ੍ਹਾਂ ਦੱਸਿਆ ਕਿ ਦੋਨੋਂ ਬੱਚਿਆਂ ਨੂੰ ਉੱਚ ਦਰਜੇ ਦੀ ਐੱਨ.ਆਈ.ਸੀ.ਯੂ ਤਰਜ਼ ਦੀ ਦੇਖਭਾਲ ਦੀ ਅਹਿਮ ਜ਼ਰੂਰਤ ਸੀ | ਡਾ. ਸੰਧੂ ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਵਲੋਂ ਸਾਡੇ ਨਾਲ ਇਲਾਜ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਕੀਤਾ | ਜਿਸ ਤੋਂ ਬਾਅਦ ਦੋਵੇਂ ਨਵਜਾਤਾਂ ਨੂੰ ਵਿਸ਼ੇਸ਼ ਸਹੂਲਤਾਂ ਨਾਲ ਲੈੱਸ ਵਾਲੀ ਐਂਬੂਲੈਂਸ ਰਾਹੀਂ ਸੁਰੱਖਿਅਤ ਤਰੀਕੇ ਨਾਲ ਦਿੱਲੀ ਤੋਂ ਫ਼ਿਰੋਜ਼ਪੁਰ ਵਿਖੇ ਲਿਆਂਦਾ ਗਿਆ | ਡਾ. ਸੰਧੂ ਨੇ ਅੱਗੇ ਜਾਣਕਾਰੀ ਦਿੱਤੀ ਕਿ ਉਕਤ ਬੱਚਿਆਂ ਦਾ ਇਲਾਜ ਮਾਹਿਰ ਡਾ. ਸੁਖਨਵਰ ਸਿੰਘ ਸੰਧੂ ਵਲੋਂ ਆਪਣੀ ਟੀਮ ਨਾਲ ਬਾਖ਼ੂਬੀ ਕੀਤਾ ਗਿਆ | ਇਨ੍ਹਾਂ ਦੀ ਕੜੀ ਮਿਹਨਤ ਸਦਕਾ ਦੋਵੇਂ ਬੱਚਿਆਂ ਨੂੰ ਸਫਲਤਾਪੂਰਵਕ ਛੁੱਟੀ ਦੇ ਦਿੱਤੀ ਗਈ ਹੈ | ਡਾ. ਸੰਧੂ ਨੇ ਕਿਹਾ ਕਿ ਨਵਜਾਤ ਬੱਚਿਆਂ ਦੇ ਇਲਾਜ ਲਈ ਹਸਪਤਾਲ ਅੰਦਰ ਪੂਰਾ ਪ੍ਰਬੰਧ ਹੈ ਤੇ ਸਾਡੀ ਟੀਮ 24 ਘੰਟੇ ਤਿਆਰ ਰਹਿੰਦੀ ਹੈ | ਡਾ. ਸੁਖਨਵਰ ਸਿੰਘ ਸੰਧੂ ਨੇ ਕਿਹਾ ਕਿ ਨਵਜਾਤ ਬੱਚੇ ਦੇ ਇਲਾਜ ਵਿਚ ਕਦੇ ਵੀ ਕੁਤਾਹੀ ਨਹੀਂ ਵਰਤਣੀ ਚਾਹੀਦੀ | ਇਸ ਲਈ ਨਵਜਾਤ ਬੱਚਿਆਂ ਦਾ ਟੀਕਾਕਰਨ 'ਤੇ ਬੱਚਿਆਂ ਦੀ ਚੈੱਕਅਪ ਸਮੇਂ ਸਿਰ ਕਰਵਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ |