ਅਬੋਹਰ, 3 ਮਈ (ਵਿਵੇਕ ਹੂੜੀਆ)-ਅਬੋਹਰ ਸ਼ਹਿਰ 'ਚ ਲਵਾਰਿਸ ਕੁੱਤਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੁੱਤਿਆਂ ਦੇ ਵੱਢਣ ਦੇ 8 ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚ 9 ਅਤੇ 14 ਸਾਲ ਦੇ ਦੋ ਬੱਚੇ ਵੀ ਸ਼ਾਮਿਲ ਹਨ | ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਮੈਟਰੋ ਕਾਲੋਨੀ ਦੀ ਰਹਿਣ ਵਾਲੀ ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦਾ 14 ਸਾਲਾ ਪੁੱਤਰ ਅਰਮਾਨ ਗਲੀ ਵਿਚ ਜਾ ਰਿਹਾ ਸੀ ਕਿ ਅਚਾਨਕ ਆਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਲੱਤ ਬੁਰੀ ਤਰ੍ਹਾਂ ਨੋਚ ਲਈ | ਕੁੱਤੇ ਤੋਂ ਖਹਿੜਾ ਛੁਡਾ ਕੇ ਭੱਜਣ ਵੇਲੇ ਅਰਮਾਨ ਡਿਗ ਪਿਆ, ਜਿਸ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਹਨ | ਪਰਿਵਾਰ ਅਨੁਸਾਰ ਅਰਮਾਨ ਨੂੰ 6 ਮਹੀਨਿਆਂ ਵਿਚ ਦੂਜੀ ਵਾਰ ਕੁੱਤੇ ਨੇ ਵੱਢਿਆ ਹੈ | ਸਰਕਾਰੀ ਹਸਪਤਾਲ ਦੇ ਫਾਰਮਾਸਿਸਟ ਇੰਸਾਫ਼ ਨੇ ਦੱਸਿਆ ਕਿ ਐਮਰਜੈਂਸੀ ਵਿਚ ਕੁੱਤਿਆਂ ਦੇ ਵੱਢਣ ਦੇ 8 ਕੇਸ ਆਏ ਹਨ | ਇਨ੍ਹਾਂ ਵਿਚ ਅਰਮਾਨ ਤੋਂ ਇਲਾਵਾ 9 ਸਾਲਾ ਸੁਮਿਤ, ਨਿਤਿਨ, ਰਵਿੰਦਰ, ਵਿਨੋਦ ਕੁਮਾਰ, ਛਿੰਦਰਪਾਲ ਕੌਰ ਅਤੇ ਵਿਕਰਮ ਸ਼ਾਮਿਲ ਹਨ | ਸਾਰੇ ਜ਼ਖ਼ਮੀਆਂ ਨੂੰ ਐਂਟੀ-ਰੇਬੀਜ਼ ਇੰਜੈਕਸ਼ਨ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਰੋਜ਼ਾਨਾ ਅÏਸਤਨ 10 ਤੋਂ 15 ਅਜਿਹੇ ਕੇਸ ਪਹੁੰਚ ਰਹੇ ਹਨ | ਦੂਜੇ ਪਾਸੇ ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਆਵਾਰਾ ਕੁੱਤਿਆਂ ਨੂੰ ਰੇਬੀਜ਼ ਤੋਂ ਬਚਾਉਣ ਲਈ ਚਲਾਇਆ ਜਾਣ ਵਾਲਾ ਟੀਕਾਕਰਨ ਅਭਿਆਨ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ | ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਸਟਾਫ਼ ਅਤੇ ਸਾਧਨਾਂ ਦੀ ਘਾਟ ਕਾਰਨ ਇਹ ਮੁਹਿੰਮ ਰੁਕੀ ਹੋਈ ਹੈ ਅਤੇ ਉੱਚ ਅਧਿਕਾਰੀਆਂ ਦੇ ਨਿਰਦੇਸ਼ ਮਿਲਦੇ ਹੀ ਇਸ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ | ਟੀਕਾਕਰਨ ਨਾ ਹੋਣ ਕਾਰਨ ਲੋਕਾਂ ਵਿਚ ਰੇਬੀਜ਼ ਫੈਲਣ ਦਾ ਡਰ ਬਣਿਆ ਹੋਇਆ ਹੈ |