ਮੰਡੀ ਘੁਬਾਇਆ, 3 ਮਈ (ਅਮਨ ਬਵੇਜਾ)-ਆਧੁਨਿਕ ਯੁੱਗ 'ਚ ਸੋਸ਼ਲ ਮੀਡੀਆ ਪਲੇਟਫ਼ਾਰਮ ਜਿੱਥੇ ਜਾਣਕਾਰੀ ਅਤੇ ਸੰਪਰਕ ਦਾ ਵੱਡਾ ਸਾਧਨ ਬਣ ਕੇ ਉੱਭਰੇ ਹਨ, ਉੱਥੇ ਹੀ ਇਸ ਦੇ ਨਕਾਰਾਤਮਿਕ ਪ੍ਰਭਾਵ ਵੀ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ | ਸੋਸ਼ਲ ਮੀਡੀਆ ਨੇ ਕਈ ਰਿਸ਼ਤਿਆਂ ਦਾ ਕਿਰਦਾਰ ਵਿਗਾੜ ਦਿੱਤਾ ਹੈ | ਪਰਿਵਾਰਕ ਸਾਂਝਾਂ ਦੇ ਟੁੱਟਣ ਤੋਂ ਲੈ ਕੇ ਮਾਨਸਿਕ ਤਣਾਅ ਅਤੇ ਖੁਦਕੁਸ਼ੀਆਂ ਤੱਕ ਦੇ ਮਾਮਲੇ ਚਿੰਤਾ ਦਾ ਵਿਸ਼ਾ ਬਣ ਰਹੇ ਹਨ | ਪਹਿਲਾਂ ਲੋਕ ਘਰਾਂ ਵਿਚ ਬੈਠ ਕੇ ਆਪਸ ਵਿਚ ਗੱਲਬਾਤ ਕਰਦੇ ਸਨ, ਦੁੱਖ-ਸੁੱਖ ਸਾਂਝੇ ਕਰਦੇ ਸਨ ਅਤੇ ਰਿਸ਼ਤਿਆਂ ਵਿਚ ਮਿਠਾਸ ਬਣੀ ਰਹਿੰਦੀ ਸੀ | ਪਰ ਹੁਣ ਹਰ ਮੈਂਬਰ ਆਪਣੇ ਮੋਬਾਈਲ ਫ਼ੋਨ ਵਿਚ ਵਿਅਸਤ ਨਜ਼ਰ ਆਉਂਦਾ ਹੈ | ਇਕੋ ਘਰ ਵਿਚ ਰਹਿੰਦੇ ਹੋਏ ਵੀ ਲੋਕ ਇਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ | ਇਸ ਕਾਰਨ ਪਰਿਵਾਰਕ ਰਿਸ਼ਤਿਆਂ ਵਿਚ ਦੂਰੀ ਵਧ ਰਹੀ ਹੈ | ਕਈ ਵਾਰ ਸੋਸ਼ਲ ਮੀਡੀਆ 'ਤੇ ਝੂਠੀਆਂ ਦੋਸਤੀਆਂ, ਗ਼ਲਤ ਸੰਬੰਧ ਅਤੇ ਸ਼ੱਕ-ਸੰਦੇਹ ਕਾਰਨ ਪਤੀ-ਪਤਨੀ ਦੇ ਰਿਸ਼ਤਿਆਂ ਵਿਚ ਤਣਾਅ ਪੈਦਾ ਹੋ ਜਾਂਦਾ ਹੈ | ਛੋਟੀਆਂ ਗੱਲਾਂ ਵੱਡੇ ਝਗੜਿਆਂ ਵਿਚ ਬਦਲ ਜਾਂਦੀਆਂ ਹਨ, ਜਿਸ ਨਾਲ ਘਰਾਂ ਦੀ ਸਾਂਝ ਟੁੱਟ ਰਹੀ ਹੈ | ਕਈ ਮਾਮਲਿਆਂ ਵਿਚ ਤਲਾਕ ਤੱਕ ਦੀ ਨੌਬਤ ਆ ਰਹੀ ਹੈ | ਨੌਜਵਾਨ ਵਰਗ 'ਚ ਵੀ ਇਸ ਦਾ ਪ੍ਰਭਾਵ ਵਧ ਰਿਹਾ ਹੈ | ਲਾਈਕਾਂ, ਫਾਲੋਅਰਾਂ ਅਤੇ ਦਿਖਾਵੇ ਦੀ ਦੌੜ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਮਾਨਸਿਕ ਤਣਾਅ 'ਚ ਧੱਕ ਦਿੱਤਾ ਹੈ | ਜਦੋਂ ਉਨ੍ਹਾਂ ਨੂੰ ਮਨਚਾਹੀ ਪ੍ਰਤੀਕਿਰਿਆ ਨਹੀਂ ਮਿਲਦੀ ਜਾਂ ਆਨਲਾਈਨ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ | ਕੁੱਝ ਦੁਖਦਾਈ ਮਾਮਲਿਆਂ 'ਚ ਨੌਜਵਾਨ ਖ਼ੁਦਕੁਸ਼ੀ ਵਰਗੇ ਕਦਮ ਵੀ ਚੁੱਕ ਲੈਂਦੇ ਹਨ | ਇਹ ਹੀ ਨਹੀਂ ਕਈ ਥਾਵਾਂ 'ਤੇ ਸੋਸ਼ਲ ਮੀਡੀਆ 'ਤੇ ਬਣੀਆਂ ਨਕਲੀ ਦੋਸਤੀਆਂ ਨੇ ਕਤਲਾਂ ਤੱਕ ਗੱਲ ਪਹੁੰਚਾ ਦਿੱਤੀ ਹੈ | ਜਿਸ ਕਾਰਨ ਘਰਾਂ ਦਾ ਉਜਾੜਾ ਹੋ ਰਿਹਾ ਹੈ | ਸਮਾਜ ਦੇ ਚੇਤੰਨ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦਾ ਸਹੀ ਵਰਤੋਂ ਹੋਵੇ ਤਾਂ ਇਹ ਲਾਭਦਾਇਕ ਹੈ, ਪਰ ਇਸ ਦੀ ਲਤ ਅਤੇ ਗ਼ਲਤ ਵਰਤੋਂ ਸਮਾਜ ਲਈ ਨੁਕਸਾਨਦਾਇਕ ਸਾਬਤ ਹੋ ਰਹੀ ਹੈ | ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨਾਲ ਸਮਾਂ ਬਿਤਾਉਣ, ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਿਗਰਾਨੀ ਰੱਖਣ ਅਤੇ ਪਰਿਵਾਰ ਵਿਚ ਗੱਲਬਾਤ ਦਾ ਮਾਹੌਲ ਬਣਾਇਆ ਜਾਵੇ | ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਡਿਜੀਟਲ ਸੰਤੁਲਨ ਬਣਾਉਣਾ ਚਾਹੀਦਾ ਹੈ | ਜ਼ਿੰਦਗੀ ਸਿਰਫ਼ ਸਕਰੀਨ ਤੱਕ ਸਿਮਤ ਨਾ ਰਹੇ, ਸਗੋਂ ਅਸਲੀ ਰਿਸ਼ਤਿਆਂ ਅਤੇ ਮਨੁੱਖੀ ਸਾਂਝ ਨੂੰ ਵੀ ਮਹੱਤਵ ਦਿੱਤਾ ਜਾਵੇ |