ਗੁਰੂਹਰਸਹਾਏ, 3 ਮਈ (ਹਰਚਰਨ ਸਿੰਘ ਸੰਧੂ)-ਜਰਨਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਵਲੋਂ ਗੁਰੂਹਰਸਹਾਏ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰਦਿਆਂ ਜਨਰਲ ਕੈਟਾਗਰੀ ਵਰਗ ਦੇ ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ, ਮੰਗਾਂ, ਸਮਾਜ ਦੇ ਭਵਿੱਖ ਨਾਲ ਜੁੜੇ ਹੋਰ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਇਸ ਮੀਟਿੰਗ 'ਚ ਜਨਰਲ ਕੈਟਾਗਰੀ ਦੇ ਲੋਕਾਂ ਸਮੇਤ ਕਈ ਹੋਰ ਜਨਰਲ ਕੈਟਾਗਰੀਆਂ ਸੁਸਾਇਟੀਆਂ ਦੇ ਆਗੂ ਸ਼ਾਮਿਲ ਹੋਏ | ਜਨਰਲ ਕੈਟਾਗਰੀ ਫੈਡਰੇਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਜਨਰਲ ਕੈਟਾਗਰੀ ਵਰਗ ਨੂੰ ਪੰਜਾਬ ਅੰਦਰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਸਮੇਂ ਸਮੇਂ ਸਰਕਾਰਾਂ ਨੇ ਕੋਈ ਬਹੁਤਾ ਲਾਭ ਨਹੀਂ ਦਿੱਤਾ | ਇਨ੍ਹਾਂ ਦੇ ਹੱਕਾਂ ਪ੍ਰਤੀ ਨਾ ਤਾਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸੰਜੀਦਗੀ ਨਾਲ ਕੋਈ ਯੋਜਨਾ ਉਲੀਕੀ ਹੈ | ਜਿਸ ਕਾਰਨ ਜਨਰਲ ਕੈਟਾਗਰੀ ਅੰਦਰ ਆਉਂਦੇ ਛੋਟੇ ਸੀਮਤ ਤੇ ਆਰਥਿਕ ਪੱਖੋਂ ਕਮਜ਼ੋਰ ਲੋਕ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਅਜਿਹੇ ਸਮਾਜ ਦੇ ਲੋਕਾਂ ਅਤੇ ਬੱਚਿਆਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਸਾਰਿਆਂ ਦਾ ਇਕੱਠੇ ਹੋਣਾ ਸਮੇਂ ਦੀ ਲੋੜ ਅਨੁਸਾਰ ਬਹੁਤ ਜ਼ਰੂਰੀ ਹੈ | ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਜਨਰਲ ਕੈਟਾਗਰੀ ਵਿਚ ਵੀ ਬਹੁਤ ਗਰੀਬ ਲੋਕ ਹਨ, ਉਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਨਰਲ ਕੈਟਾਗਰੀ ਦਾ ਕਮਿਸ਼ਨ ਲਾਇਆ ਜਾਵੇ ਤਾਂ ਜੋ ਅਸੀਂ ਆਪਣੀ ਗੱਲ ਰੱਖ ਸਕੀਏ | ਬਾਹਰੋਂ ਗੈਰ ਜਨਰਲ ਆਬਾਦੀ ਪੰਜਾਬ 'ਚ ਆ ਰਹੀ, ਜਿਸ ਨਾਲ ਜਨਰਲ ਵਰਗ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ | ਇਸ ਲਈ ਸਾਨੂੰ ਆਪਣੇ ਹੱਕ ਲੈਣ ਲੈਣ ਇਕੱਠੇ ਹੋਣਾ ਪਵੇਗਾ | ਜਿਹੜੀ ਸਿਆਸੀ ਪਾਰਟੀ ਸਾਡੀ ਗੱਲ ਨਹੀਂ ਸੁਣੇਗੀ | ਅਸੀਂ ਉਹਨਾਂ ਨੂੰ ਘੇਰਾਂਗੇ ਅਤੇ ਜਨਰਲ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਲਾਮਬੰਦੀ ਕੀਤੀ ਜਾਵੇਗੀ | ਇਸ ਮੌਕੇ ਕੋਮਲ ਸ਼ਰਮਾ, ਹੈਪੀ ਸ਼ਰਮਾ, ਬੂੜ ਚੰਦ ਬਿੰਦਰਾ, ਮਦਨ ਮੋਹਨ, ਲੱਕੀ, ਰਾਜਿੰਦਰ ਚੌਧਰੀ, ਮਨੋਹਰ ਕੁਮਾਰ, ਮੁਕੇਸ਼ ਮੈਣੀ, ਰਾਜਾ ਕੁਮਾਰ,ਰਵੀ ਗੁਪਤਾ, ਬਹੁਤ ਸਾਰੇ ਪਤਵੰਤੇ ਹਾਜ਼ਰ ਸਨ | ਇਸ ਮੌਕੇ ਜਨਰਲ ਕੈਟਾਗਰੀ ਦਾ ਕਲੰਡਰ ਰਿਲੀਜ਼ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਜਨਰਲ ਕੈਟਾਗਰੀ ਦਾ ਕਮਿਸ਼ਨ ਵੀ ਐਲਾਨਿਆ ਸੀ, ਪਰ ਕਮਿਸ਼ਨ ਨਹੀਂ ਲਾਇਆ ਗਿਆ |