ਜ਼ੀਰਾ, 3 ਮਈ (ਹਰਜੀਤ ਸਿੰਘ ਗਿੱਲ)-ਅੱਜ ਸਵੇਰੇ ਸਮੇਂ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਦੇ ਨਾਲ-ਨਾਲ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਥੋਂ ਦੇ ਨੇੜਲੇ ਪਿੰਡ ਨੀਲੇ ਵਾਲਾ ਵਿਖੇ ਕਈ ਘਰਾਂ ਦਾ ਨੁਕਸਾਨ ਹੋ ਗਿਆ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਸਕਰਨ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਵੇਰੇ ਪੰਜ ਵਜੇ ਦੇ ਕਰੀਬ ਆਈ ਤੇਜ਼ ਹਨੇਰੀ ਅਤੇ ਬਾਰਿਸ਼ ਦੌਰਾਨ ਅਸਮਾਨ 'ਚ ਜ਼ੋਰਦਾਰ ਧਮਾਕਾ ਹੋਇਆ ਅਤੇ ਉਨ੍ਹਾਂ ਦੀ ਛੱਤ ਉੱਪਰ ਬਣੀ ਮਮਟੀ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਅਸਮਾਨੀ ਬਿਜਲੀ ਮਮਟੀ ਦੀ ਕੰਧ ਅਤੇ ਰਸੋਈ ਦੀ ਛੱਤ ਨੂੰ ਪਾੜ ਕੇ ਘਰ ਅੰਦਰ ਦਾਖਲ ਹੋ ਗਈ | ਇਸ ਦੌਰਾਨ ਉਨ੍ਹਾਂ ਦੇ ਘਰ ਦੀ ਬਿਜਲੀ ਦੀਆਂ ਤਾਰਾਂ ਸੜ ਗਈਆਂ ਅਤੇ ਰਸੋਈ ਵਿਚ ਖੜੀ ਉਨ੍ਹਾਂ ਦੀ ਲੜਕੀ ਦੇ ਹੱਥ 'ਤੇ ਵੀ ਕੁਝ ਚੰਗਿਆੜੇ ਪੈ ਗਏ | ਇਸ ਤਰ੍ਹਾਂ ਬਿਜਲੀ ਨੇ ਹੋਰ ਵੀ ਕਈ ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਵਿਚ ਪਿੰਡ ਦੇ ਸਰਪੰਚ ਇਕਬਾਲ ਸਿੰਘ ਖੋਸਾ ਦਾ ਡੀ.ਵੀ.ਆਰ, ਨਿਰੰਜਨ ਸਿੰਘ ਪੁੱਤਰ ਮੱਘਰ ਸਿੰਘ ਦੇ ਘਰ ਦਾ ਇਨਵਰਟਰ ਅਤੇ ਬਿਜਲੀ ਦੀਆਂ ਤਾਰਾਂ, ਸੁਖਪ੍ਰੀਤ ਸਿੰਘ ਖੋਸਾ ਪੁੱਤਰ ਰਘਬੀਰ ਸਿੰਘ ਦੇ ਸੀ.ਸੀ.ਟੀ.ਵੀ ਕੈਮਰੇ ਅਤੇ ਡੀ.ਵੀ.ਆਰ, ਜਗਦੇਵ ਸਿੰਘ ਪੁੱਤਰ ਬੇਅੰਤ ਸਿੰਘ ਦੇ ਘਰ ਲੱਗਾ ਇਨਵਰਟਰ ਅਤੇ ਬਿਜਲੀ ਦਾ ਮੀਟਰ, ਸੁਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੇ ਸਾਰੇ ਘਰ ਦੀਆਂ ਬਿਜਲੀ ਦੀਆਂ ਤਾਰਾਂ ਵੀ ਸੜ ਗਈਆਂ | ਸਰਪੰਚ ਇਕਬਾਲ ਸਿੰਘ ਖੋਸਾ ਨੇ ਦੱਸਿਆ ਕਿ ਘਟਨਾ ਦੌਰਾਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ, ਪਰ ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |