ਫ਼ਿਰੋਜ਼ਪੁਰ, 14 ਮਈ (ਗੁਰਿੰਦਰ ਸਿੰਘ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਇਕ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਮਹਿਲਾ, ਨਾਬਾਲਗ ਸਣੇ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7 ਕਿੱਲੋ 858 ਗ੍ਰਾਮ ਹੈਰੋਇਨ, 3 ਮੋਬਾਈਲ ਫ਼ੋਨ ਕੀਤੇ ਬਰਾਮਦ ਕੀਤੇ ਹਨ | ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਖ਼ਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ੍ਹ ਪਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੁਹਿੰਮ ਤਹਿਤ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਜ਼ੀਰਾ ਦੀ ਇਕ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਏ.ਐੱਸ.ਆਈ ਅੰਗਰੇਜ਼ ਸਿੰਘ ਦੀ ਅਗਵਾਈ ਵਾਲੀ ਟੀਮ ਗਸ਼ਤ ਦੌਰਾਨ ਬੱਸ-ਅੱਡਾ ਘੱਲ ਖੁਰਦ ਪੁੱਜੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਆਕਾਸ਼ਦੀਪ ਉਰਫ਼ ਆਕਾਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਬੇਟੂ ਕਦੀਮ ਥਾਣਾ ਮਮਦੋਟ ਅਤੇ ਰੌਬਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪੰਜੇ ਕੇ ਉਤਾੜ, ਥਾਣਾ ਗੁਰੂਹਰਸਹਾਏ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਫ਼ਿਰੋਜ਼ਸ਼ਾਹ ਬੱਸ ਅੱਡੇ ਪਾਸ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ 'ਤੇ ਤੁਰੰਤ ਕਾਰਵਾਈ ਕਰਦਿਆਂ ਆਕਾਸ਼ਦੀਪ ਉਰਫ਼ ਆਕਾਸ਼ ਅਤੇ ਰੌਬਿਨ ਕੁਮਾਰ ਉਕਤ ਨੂੰ ਕਾਬੂ ਕੀਤਾ ਗਿਆ, ਆਕਾਸ਼ਦੀਪ ਪਾਸੋਂ ਇਕ ਕਿੱਲੋ 18 ਗ੍ਰਾਮ ਹੈਰੋਇਨ ਅਤੇ ਰੌਬਿਨ ਕੁਮਾਰ ਪਾਸੋਂ 518 ਗ੍ਰਾਮ ਹੈਰੋਇਨ (ਕੁੱਲ 1 ਕਿੱਲੋ 536 ਗ੍ਰਾਮ ਹੈਰੋਇਨ) ਅਤੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਜਿਸ ਸਬੰਧੀ ਥਾਣਾ ਘੱਲ ਖ਼ੁਰਦ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ਼ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ | ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਦੋਸ਼ੀ ਰੌਬਿਨ ਕੁਮਾਰ ਦੀ ਪੁੱਛਗਿੱਛ 'ਤੇ ਉਸ ਦੇ ਪਿੰਡ ਪੰਜੇ ਕੇ, ਥਾਣਾ ਗੁਰੂਹਰਸਹਾਏ ਘਰ ਤੋਂ 4 ਕਿੱਲੋ 171 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇਸ ਨੇ ਦੱਸਿਆ ਕਿ ਸੰਤੋਸ਼ ਰਾਣੀ ਪਤਨੀ ਮਨਜੀਤ ਸਿੰਘ ਅਤੇ ਇਸ ਦੇ ਲੜਕੇ ਜੁਵੈਨਾਇਲ ਵਾਸੀਆਨ ਪਿੰਡ ਸੋਢੇ ਵਾਲਾ, ਥਾਣਾ ਸਦਰ ਫ਼ਿਰੋਜ਼ਪੁਰ ਨਾਲ ਉਸ ਦਾ ਤਾਲਮੇਲ ਹੈ ਅਤੇ ਉਹ ਇਹਨਾਂ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ | ਜੋ ਉਨ੍ਹਾਂ ਨੇ ਵੀ ਆਪਣੇ ਘਰ ਵਿਚ ਹੈਰੋਇਨ ਛੁਪਾ ਕੇ ਰੱਖੀ ਹੋਈ ਹੈ | ਜਿਸ ਆਧਾਰ ਤੇ ਜ਼ਾਬਤਾ ਅਨੁਸਾਰ ਕਾਰਵਾਈ ਕਰਦਿਆਂ ਸੰਤੋਸ਼ ਰਾਣੀ ਦੇ ਘਰੋਂ 2 ਕਿੱਲੋ 151 ਗ੍ਰਾਮ ਹੈਰੋਇਨ ਤੇ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ, ਜਿਸ 'ਤੇ ਸੰਤੋਸ਼ ਰਾਣੀ ਨੂੰ ਗਿ੍ਫ਼ਤਾਰ ਅਤੇ ਇਸ ਦੇ ਲੜਕੇ ਜੁਵੈਨਾਇਲ ਨੂੰ ਜ਼ਾਬਤਾ ਅਨੁਸਾਰ ਡਿਟੇਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿਚ ਬਰਾਮਦ ਮੋਬਾਈਲ ਫੋਨਾਂ ਦੀ ਫੋਰੈਂਸਿਕ ਇੰਵੈਸਟੀਗੇਸ਼ਨ ਜਾਰੀ ਹੈ | ਜਿਸ ਤੋਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ ਡੀ ਬਰਜਿੰਦਰ ਸਿੰਘ ਸਰਾਂ ਤੇ ਇੰਚਾਰਜ ਸੀ.ਆਈ.ਏ ਜ਼ੀਰਾ ਗੁਰਮੀਤ ਸਿੰਘ ਵੀ ਮੌਜੂਦ ਸਨ |