ਮੁੱਦਕੀ, 20 ਮਈ (ਭਾਰਤ ਭੂਸ਼ਨ ਅਗਰਵਾਲ)-ਆਪਣੀਆਂ ਹੱਕੀ 'ਤੇ ਜਾਇਜ਼ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ ਮੁੱਦਕੀ ਦੇ ਪ੍ਰਧਾਨ ਦੀਪ ਕੁਮਾਰ ਦੀ ਅਗਵਾਈ ਹੇਠ 15ਵੇਂ ਦਿਨ ਵੀ ਕੰਮ ਛੋੜ ਹੜਤਾਲ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਓਧਰ ਲਗਾਤਾਰ ਸਫ਼ਾਈ ਨਾ ਹੋਣ ਕਾਰਨ ਕਸਬੇ ਵਿਚ ਹਰ ਪਾਸੇ ਕੂੜੇ ਦੇ ਢੇਰ ਲੱਗ ਗਏ ਹਨ, ਜਿਸ ਨਾਲ ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ | ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਠੋਸ ਧਿਆਨ ਨਾ ਦੇਣ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਯੂਨੀਅਨ ਦੇ ਮੁੱਦਕੀ ਪ੍ਰਧਾਨ ਦੀਪ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੜਤਾਲ ਦੇ ਪੰਦ੍ਹਰਵੇਂ ਦਿਨ ਵੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਲਟਕੀਆਂ ਆ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਹਾਲੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ | ਕਸਬੇ ਵਿਚੋਂ ਕੂੜਾ ਕਰਕਟ ਚੁੱਕਣ ਦਾ ਕੰਮ ਠੱਪ ਰੱਖਿਆ ਜਾਵੇਗਾ | ਨਗਰ ਨਿਵਾਸੀਆਂ ਨੇ ਵੀ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਹੜਤਾਲ ਨੂੰ ਖ਼ਤਮ ਕਰਵਾਇਆ ਜਾਵੇ | ਇਸ ਮੌਕੇ ਵਾਈਸ ਪ੍ਰਧਾਨ ਸਤਪਾਲ, ਪੈ੍ਰੱਸ ਸਕੱਤਰ ਰਮੇਸ਼ ਕੁਮਾਰ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਹੁਲ ਕੁਮਾਰ, ਅਸ਼ੋਕ ਕੁਮਾਰ, ਪੀਲੂ ਰਾਮ, ਵਿਕੀ, ਅੰਗਰੇਜ਼ ਸਿੰਘ ਬਰਾੜ, ਵਰਿੰਦਰ ਸਿੰਘ, ਪ੍ਰਦੀਪ ਸਿੰਘ, ਮੰਗਲ ਸਿੰਘ, ਪ੍ਰੀਤੀ, ਤਮੰਨਾ, ਸਾਜਨ, ਕਿਰਨ, ਮੀਰਾ, ਗੋਗਾ ਰਾਣੀ, ਬੀਨਾ ਰਾਣੀ, ਮੁਲਖ ਰਾਜ, ਰਜਨੀ ਆਦਿ ਸਫ਼ਾਈ ਸੇਵਕ ਹਾਜ਼ਰ ਸਨ |