ਗੁਰੂਹਰਸਹਾਏ, 20 ਮਈ (ਕਪਿਲ ਕੰਧਾਰੀ)-ਈ-ਫਾਰਮੇਸੀ ਪਲੇਟਫ਼ਾਰਮਾਂ ਵਲੋਂ ਦਵਾਈਆਂ ਦੀ ਆਨਲਾਈਨ ਵਿੱਕਰੀ ਅਤੇ ਭਾਰੀ ਛੂਟ ਦੇ ਵਿਰੋਧ ਵਿਚ ਆਲ ਇੰਡੀਆ ਆਰਗਨਾਈਜ਼ੇਸ਼ਨ ਕੈਮਿਸਟ ਐਂਡ ਡਰੱਗਇਸਟ ਦੇ ਸੱਦੇ 'ਤੇ ਦੇਸ਼ ਭਰ ਵਿਚ 24 ਘੰਟਿਆਂ ਦੀ ਹੜਤਾਲ ਕੀਤੀ ਗਈ | ਸੰਗਠਨ ਦੇ ਦਾਅਵੇ ਅਨੁਸਾਰ ਬੁੱਧਵਾਰ ਸਵੇਰੇ ਤੋਂ ਸ਼ੁਰੂ ਹੋਈ ਇਹ ਹੜਤਾਲ ਰਾਤ 12 ਵਜੇ ਤੱਕ ਜਾਰੀ ਰਹੇਗੀ | ਜਿਸ ਦੇ ਤਹਿਤ ਦੇਸ਼ ਭਰ ਦੇ ਲਗਭਗ 15 ਲੱਖ ਤੋਂ ਵੱਧ ਰਿਟੇਲ ਅਤੇ ਹੋਲਸੇਲ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਹੜਤਾਲ ਦੇ ਚੱਲਦੇ ਗੁਰੂਹਰਸਹਾਏ ਸ਼ਹਿਰ ਵਿਚ ਵੀ ਮੈਡੀਕਲ ਸਟੋਰਾਂ ਵਲੋਂ ਮੁਕੰਮਲ ਬੰਦ ਰੱਖਿਆ ਗਿਆ | ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਵੱਖ-ਵੱਖ ਚੌਕਾਂ ਵਿਚ ਸਥਿਤ ਦਵਾਈਆਂ ਦੀਆਂ ਦੁਕਾਨਾਂ ਸਾਰਾ ਦਿਨ ਬੰਦ ਰਹੀਆਂ | ਇਸ ਕਾਰਨ ਸਵੇਰ ਤੋਂ ਹੀ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਖ਼ਾਸ ਕਰਕੇ ਉਹ ਮਰੀਜ਼ ਜੋ ਰੋਜ਼ਾਨਾ ਦੀਆਂ ਦਵਾਈਆਂ ਲੈਣ ਲਈ ਮੈਡੀਕਲ ਸਟੋਰਾਂ 'ਤੇ ਨਿਰਭਰ ਰਹਿੰਦੇ ਹਨ, ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ | ਕਈ ਲੋਕ ਦਵਾਈਆਂ ਲਈ ਇਕ ਦੁਕਾਨ ਤੋਂ ਦੂਜੀ ਦੁਕਾਨ ਤੱਕ ਭਟਕਦੇ ਨਜ਼ਰ ਆਏ, ਪਰ ਜ਼ਿਆਦਾਤਰ ਮੈਡੀਕਲ ਸਟੋਰ ਪੂਰੀ ਤਰ੍ਹਾਂ ਬੰਦ ਮਿਲੇ | ਕੁੱਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਮਰਜੈਂਸੀ ਦਵਾਈਆਂ ਲਈ ਨਜ਼ਦੀਕੀ ਵੱਡੇ ਸ਼ਹਿਰਾਂ ਦਾ ਰੁੱਖ ਕਰਨਾ ਪਿਆ | ਹਾਲਾਂਕਿ ਹਸਪਤਾਲਾਂ ਨਾਲ ਜੁੜੀਆਂ ਕੁੱਝ ਐਮਰਜੈਂਸੀ ਫਾਰਮੇਸੀਆਂ ਖੁੱਲ੍ਹੀਆਂ ਰਹਿਣ ਦੀ ਜਾਣਕਾਰੀ ਵੀ ਮਿਲੀ, ਤਾਂ ਜੋ ਗੰਭੀਰ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਮਿਲ ਸਕਣ | ਕੈਮਿਸਟਾਂ ਦਾ ਕਹਿਣਾ ਹੈ ਕਿ ਈ-ਫਾਰਮੇਸੀ ਕੰਪਨੀਆਂ ਵਲੋਂ ਆਨਲਾਈਨ ਦਵਾਈਆਂ 'ਤੇ ਭਾਰੀ ਡਿਸਕਾਊਾਟ ਦਿੱਤੇ ਜਾਣ ਕਾਰਨ ਰਵਾਇਤੀ ਮੈਡੀਕਲ ਸਟੋਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਈ ਆਨਲਾਈਨ ਪਲੇਟਫ਼ਾਰਮ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਠੀਕ ਜਾਂਚ ਦੇ ਦਵਾਈਆਂ ਵੇਚ ਰਹੇ ਹਨ, ਜੋ ਮਰੀਜ਼ਾਂ ਦੀ ਸਿਹਤ ਲਈ ਵੀ ਖ਼ਤਰਾ ਬਣ ਸਕਦਾ ਹੈ | ਮੈਡੀਕਲ ਸਟੋਰ ਮਾਲਕਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਈ-ਫਾਰਮੇਸੀ ਪਲੇਟਫ਼ਾਰਮਾਂ ਲਈ ਸਖ਼ਤ ਨਿਯਮ ਬਣਾਏ ਜਾਣ ਅਤੇ ਰਵਾਇਤੀ ਕੈਮਿਸਟਾਂ ਦੇ ਹਿਤਾਂ ਦੀ ਰੱਖਿਆ ਕੀਤੀ ਜਾਵੇ | ਗੁਰੂਹਰਸਹਾਏ ਦੇ ਮੈਡੀਕਲ ਸਟੋਰ ਮਾਲਕਾਂ ਨੇ ਵੀ ਹੜਤਾਲ ਨੂੰ ਪੂਰਾ ਸਮਰਥਨ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਇੱਕਜੁੱਟ ਹਨ |