30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਿੱਜੀਕਰਨ ਦੇ ਵਿਰੋਧ ਵਿਚ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਫ਼ਿਰੋਜ਼ਪੁਰ ਸ਼ਹਿਰ ਬੱਸ ਅੱਡੇ 'ਤੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 21-05-2026
ਫ਼ਿਰੋਜ਼ਪੁਰ, 20 ਮਈ (ਗੁਰਿੰਦਰ ਸਿੰਘ)-ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋਂ ਪੂਰੇ ਪੰਜਾਬ ਦੇ ਬੱਸ ਅੱਡਿਆਂ 'ਤੇ ਪੰਜਾਬ ਸਰਕਾਰ ਖ਼ਿਲਾਫ਼ ਦੋ ਘੰਟੇ ਤੱਕ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ | ਫ਼ਿਰੋਜ਼ਪੁਰ ਬੱਸ ਸਟੈਂਡ ਵਿਖੇ ਹੋਏ ਧਰਨੇ ਦੌਰਾਨ ਯੂਨੀਅਨ ਆਗੂਆਂ ਨੇ ਸਰਕਾਰ ­'ਤੇ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਅਤੇ ਕੱਚੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਚਾਰ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਸਰਕਾਰੀ ਮਾਲਕੀ ਵਾਲੀ ਇਕ ਵੀ ਨਵੀਂ ਬੱਸ ਵਿਭਾਗ ਵਿਚ ਸ਼ਾਮਲ ਨਹੀਂ ਕੀਤੀ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਕਿੱਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦੇ ਕੇ ਟਰਾਂਸਪੋਰਟ ਵਿਭਾਗ ਨੂੰ ਨਿੱਜੀਕਰਨ ਵੱਲ ਧੱਕ ਰਹੀ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਦੇ ਵਰਕਰਾਂ ਅਤੇ ਆਗੂਆਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਵੱਖ-ਵੱਖ ਮਾਮਲਿਆਂ ਵਿਚ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਮੁਲਾਜ਼ਮਾਂ ਦੀ ਆਵਾਜ਼ ਦਬਾਉਣ ਲਈ ਸੰਵਿਧਾਨਕ ਹੱਕਾਂ ਦਾ ਘਾਣ ਕਰ ਰਹੀ ਹੈ ਅਤੇ ਕਈ ਮੁਲਾਜ਼ਮਾਂ 'ਤੇ ਧਾਰਾ 307 ਵਰਗੇ ਗੰਭੀਰ ਮਾਮਲੇ ਦਰਜ ਕਰਕੇ ਤਸ਼ੱਦਦ ਕੀਤਾ ਜਾ ਰਿਹਾ ਹੈ | ਇਸ ਦੌਰਾਨ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਸਪੈਸ਼ਲ ਕਾਡਰ ਨੀਤੀ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਦਾ ਹੋਰ ਸ਼ੋਸ਼ਣ ਕਰਨ ਦੀ ਤਿਆਰੀ ਵਿਚ ਹੈ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਲੋਂ ਕੱਚੇ ਮੁਲਾਜ਼ਮਾਂ ਦੇ ਹੱਕ ਵਿਚ ਕਈ ਫ਼ੈਸਲੇ ਆਉਣ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਰਹੀ ਹੈ | ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਫ਼ਰੀ ਸਫ਼ਰ ਸਕੀਮਾਂ ਦੀ ਬਕਾਇਆ ਰਕਮ ਸਮੇਂ ਸਿਰ ਜਾਰੀ ਨਾ ਹੋਣ ਕਾਰਨ ਤਨਖ਼ਾਹਾਂ ਅਤੇ ਬੱਸਾਂ ਲਈ ਸਪੇਅਰ ਪਾਰਟਸ ਦੀ ਖ਼ਰੀਦ ਵਿਚ ਵੀ ਦਿੱਕਤਾਂ ਆ ਰਹੀਆਂ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ 18 ਮਈ ਦੀ ਮੀਟਿੰਗ ਵਿਚ ਬਣੀ ਸਹਿਮਤੀ ਨੂੰ ਲਾਗੂ ਨਾ ਕੀਤਾ ਗਿਆ ਅਤੇ ਜੇਲ੍ਹਾਂ ਵਿਚ ਬੰਦ ਮੁਲਾਜ਼ਮਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ 25, 26 ਅਤੇ 27 ਮਈ ਨੂੰ ਮੁਕੰਮਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ | ਧਰਨੇ ਉਪਰੰਤ ਯੂਨੀਅਨ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਹਲਕਾ ਦਿਹਾਤੀ ਵਿਧਾਇਕ ਰਜਨੀਸ਼ ਦਹਿਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ |
Ad Position 22
No active advertisement
ਪਿਛਲੀ ਖ਼ਬਰ ਦੂਜਿਆਂ 'ਤੇ ਦੋਸ਼ ਲਾਉਣ ਤੋਂ ਪਹਿਲਾਂ ਪਿੰਕੀ ਆਪਣੇ ਵਿਧਾਇਕ ਸਮੇਂ ਨੂੰ ਯਾਦ ਕਰਨ-ਨੰਨੂ ਅਗਲੀ ਖ਼ਬਰ ਹੜਤਾਲ ਕਰਕੇ ਗੁਰੂਹਰਸਹਾਏ ਦੇ ਮੈਡੀਕਲ ਸਟੋਰ ਰਹੇ ਬੰਦ, ਮਰੀਜ਼ਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਲਾਂ ਦਾ ਸਾਹਮਣਾ
Ad Position 24