ਫ਼ਿਰੋਜ਼ਪੁਰ, 20 ਮਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਸ਼ਹਿਰੀ ਹਲਕਾ ਇੰਚਾਰਜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ ਨੇ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਬਿਨਾਂ ਨਾਂ ਲਏ ਸਾਬਕਾ ਵਿਧਾਇਕ 'ਤੇ ਨਗਰ ਕੌਂਸਲ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਡਰਾਉਣ-ਧਮਕਾਉਣ ਦੇ ਲਗਾਏ ਦੋਸ਼ਾਂ ਦਾ ਤਿੱਖਾ ਜਵਾਬ ਦਿੱਤਾ ਹੈ | ਅੱਜ ਆਪਣੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਪਿੰਕੀ ਨੂੰ ਦੂਸਰਿਆਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਵਿਧਾਇਕ ਸਮੇਂ ਨੂੰ ਯਾਦ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਿੰਕੀ ਦੇ ਕਾਰਜਕਾਲ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਨਗਰ ਕੌਂਸਲ ਚੋਣਾਂ ਵਿਚ ਸ਼ਰੇਆਮ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਕਾਗ਼ਜ਼ ਤੱਕ ਦਾਖ਼ਲ ਨਹੀਂ ਕਰਨ ਦਿੱਤੇ ਗਏ ਸਨ | ਨੰਨੂ ਨੇ ਦੋਸ਼ ਲਗਾਇਆ ਕਿ ਚੋਣਾਂ ਵਾਲੇ ਦਿਨ ਬਸਤੀ ਨਿਜ਼ਾਮਦੀਨ ਦੇ ਬੂਥ 'ਤੇ ਕਬਜ਼ਾ ਕਰਕੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਨਾਲ ਕੁੱਟਮਾਰ ਵੀ ਕੀਤੀ ਗਈ ਸੀ | ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਜਿਹੜਾ ਆਗੂ ਆਪਣੇ ਕਾਰਜਕਾਲ ਦੌਰਾਨ ਵਿਰੋਧੀਆਂ ਨਾਲ ਧੱਕੇਸ਼ਾਹੀ ਕਰਦਾ ਰਿਹਾ ਹੋਵੇ, ਉਹ ਅੱਜ ਖ਼ੁਦ ਨੂੰ Tਸ਼ੇਰUਦੱਸ ਕੇ ਦੂਸਰਿਆਂ 'ਤੇ ਦੋਸ਼ ਲਗਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਨਾਲ ਧੱਕਾ ਕਰਨ ਵਾਲਿਆਂ ਨੂੰ ਜੇਲ੍ਹ ਵਿਚ ਡੱਕਣ ਦੀਆਂ ਗੱਲਾਂ ਕਰਨਾ ਸਿਰਫ਼ ਰਾਜਨੀਤਿਕ ਬਿਆਨਬਾਜ਼ੀ ਹੈ | ਨੰਨੂ ਨੇ ਕਿਹਾ ਕਿ ਪਿੰਕੀ ਨੂੰ ਕਿਸੇ ਹੋਰ 'ਤੇ ਦੋਸ਼ ਲਗਾਉਣ ਤੋਂ ਪਹਿਲਾਂ Tਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾUਚਾਹੀਦਾ ਸੀ | ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਵਾਸੀ ਡਰ 'ਤੇ ਸਹਿਮ ਦੇ ਮਾਹੌਲ ਵਿਚ ਵਿਚਰਦੇ ਰਹੇ ਹਨ | ਉਨ੍ਹਾਂ ਕਿਹਾ ਕਿ ਹਾਲੇ ਤਾਂ ਨਗਰ ਕੌਂਸਲ ਚੋਣਾਂ ਦੀ ਸ਼ੁਰੂਆਤ ਹੀ ਹੋਈ ਹੈ ਅਤੇ ਕਿਸੇ ਵਲੋਂ ਵੀ ਕਿਸੇ ਉਮੀਦਵਾਰ ਜਾਂ ਵਰਕਰ ਨਾਲ ਕੋਈ ਗ਼ਲਤ ਹਰਕਤ ਨਹੀਂ ਕੀਤੀ ਗਈ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪਿੰਕੀ ਕੋਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਡਰਾਉਣ-ਧਮਕਾਉਣ ਸਬੰਧੀ ਕੋਈ ਸਬੂਤ ਹਨ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਜਾਂ ਪੰਜਾਬ ਦੇ ਡੀ.ਜੀ.ਪੀ ਕੋਲ ਕਿਉਂ ਨਹੀਂ ਕੀਤੀ | ਨੰਨੂ ਨੇ ਕਿਹਾ ਕਿ ਬਿਨਾਂ ਸਬੂਤਾਂ ਦੇ ਇਸ ਤਰ੍ਹਾਂ ਦੇ ਦੋਸ਼ ਲਗਾਉਣਾ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ | ਇਸ ਮੌਕੇ ਉਨ੍ਹਾਂ ਨਾਲ ਬਲਕਾਰ ਸਿੰਘ ਢਿੱਲੋਂ 'ਤੇ ਪਿਛਲੀਆਂ ਕੌਂਸਲ ਚੋਣਾਂ ਦੌਰਾਨ ਕੁੱਟਮਾਰ ਦਾ ਸ਼ਿਕਾਰ ਹੋਏ ਅਮਰ ਸਿੰਘ ਵੀ ਮੌਜੂਦ ਸਨ |