ਜ਼ੀਰਾ 20 ਮਈ (ਹਰਜੀਤ ਸਿੰਘ ਗਿੱਲ)-ਕਿਸਾਨਾਂ ਦੇ ਖੇਤਾਂ ਵਿਚ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ, ਕੇਬਲਾਂ ਤਾਰ ਚੋਰਾਂ ਅਤੇ ਸਟਾਰਟਰ ਚੋਰਾਂ ਦੇ ਖ਼ਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਇਕ ਵਿਸ਼ਾਲ ਇਕੱਤਰਤਾ ਇੱਥੋਂ ਦੇ ਨੇੜਲੇ ਪਿੰਡ ਮੇਹਰ ਸਿੰਘ ਵਾਲਾ ਦੇ ਗੁਰਦੁਆਰਾ ਸ਼ੀਹਣੀ ਸਾਹਿਬ ਵਿਖੇ ਹੋਈ | ਇਸ ਮੀਟਿੰਗ ਵਿਚ ਬੀ.ਕੇ.ਯੂ ਕਾਦੀਆਂ, ਬੀ.ਕੇ.ਯੂ ਕ੍ਰਾਂਤੀਕਾਰੀ, ਬੀ.ਕੇ.ਯੂ ਬਹਿਰਾਮ ਕੇ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਬੀ.ਕੇ.ਯੂ ਖੋਸਾ ਆਦਿ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਆਗੂ ਸ਼ਾਮਿਲ ਹੋਏ | ਮੀਟਿੰਗ ਨੂੰ ਬੀ.ਕੇ.ਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਬੀ.ਕੇ.ਯੂ ਕਾਦੀਆਂ ਦੇ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸੁਖਦੇਵ ਸਿੰਘ ਸੁਨੇਰ, ਗੁਰਚਰਨ ਸਿੰਘ ਨੂਰਪੁਰ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਸਾਂਝਾ ਮੋਰਚਾ ਦੇ ਆਗੂ ਰੋਮਨ ਬਰਾੜ, ਬੀ.ਕੇ.ਯੂ ਬਹਿਰਾਮ ਕੇ ਦੇ ਜ਼ਿਲ੍ਹਾ ਸੀਨੀਅਰ ਪ੍ਰਧਾਨ ਨੈਬ ਸਿੰਘ ਬੋਤੀਆਂ ਵਾਲਾ ਆਦਿ ਨੇ ਸੰਬੋਧਨ ਕੀਤਾ | ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਚੋਰੀ ਹੋ ਰਹੀਆਂ ਕੇਬਲ ਤਾਰਾਂ, ਸਟਾਰਟਰ ਅਤੇ ਟਰਾਂਸਫ਼ਾਰਮਰਾਂ ਦਾ ਤੇਲ ਕੱਢਿਆ ਜਾਣਾ ਇੱਕ ਬਹੁਤ ਵੱਡੀ ਸੂਬਾ ਪੱਧਰੀ ਸਮੱਸਿਆ ਬਣ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਪੁਲਿਸ ਦਾ ਇਹੋ ਜਵਾਬ ਹੁੰਦਾ ਹੈ ਕਿ ਸਾਡੇ ਕੋਲ ਢੁਕਵੀਂ ਨਫ਼ਰੀ ਨਹੀਂ ਹੈ | ਇਸ ਲਈ ਚੋਰੀ ਦੀਆਂ ਘਟਨਾਵਾਂ ਹਰ ਰੋਜ਼ ਵਧ ਰਹੀਆਂ ਹਨ ਅਤੇ ਲੋਕ ਲਗਾਤਾਰ ਇਸ ਤੋਂ ਪਰੇਸ਼ਾਨ ਹੋ ਰਹੇ ਹਨ | ਇਸ ਮੌਕੇ 'ਤੇ ਸਰਬਸੰਮਤੀ ਨਾਲ ਕਿਸਾਨ ਜਥੇਬੰਦੀਆਂ ਵਲੋਂ ਮਤੇ ਪਾਸ ਕੀਤੇ ਗਏ ਜਿਸ ਵਿਚ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਰੇਲਵੇ ਦੇ ਲੋਹੇ ਦੀ ਵਿੱਕਰੀ ਰੋਕਣ ਵਾਂਗ ਟਰਾਂਸਫ਼ਾਰਮਰਾਂ ਦਾ ਤੇਲ ਕੇਬਲਾਂ ਅਤੇ ਚੋਰੀ ਦੇ ਸਟਾਰਟਰ ਦੀ ਬਾਜ਼ਾਰ ਵਿਚ ਵਿੱਕਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਜਾਵੇ ਅਤੇ ਇਸ 'ਤੇ ਇਕ ਸਖ਼ਤ ਕਾਨੂੰਨ ਬਣਾਇਆ ਜਾਵੇ | ਚੋਰੀ ਦਾ ਸਮਾਨ ਖ਼ਰੀਦਣ ਵਾਲੇ ਕਬਾੜੀਆਂ ਨੂੰ ਕਿਸਾਨ ਜਥੇਬੰਦੀਆਂ ਵਲੋਂ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਏਗਾ ਅਜਿਹਾ ਨਾ ਕਰਨ ਦੀ ਸੂਰਤ ਵਿਚ ਕਿਸਾਨਾਂ ਵਲੋਂ ਸੰਬੰਧਿਤ ਕਬਾੜੀਏ ਦੀ ਦੁਕਾਨ ਬੰਦ ਕਰਾਉਣ ਦੀ ਚਾਰਾਜੋਈ ਕੀਤੀ ਜਾਏਗੀ | ਚੋਰੀ ਕਰਨ ਵਾਲੇ, ਚੋਰੀ ਦਾ ਸਮਾਨ ਖ਼ਰੀਦਣ ਵਾਲੇ ਅਤੇ ਇਹਨਾਂ ਦੀ ਹਮਾਇਤ ਕਰਨ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ | ਜੇਕਰ ਕੋਈ ਦੁਕਾਨਦਾਰ ਜਾਂ ਮਕੈਨਿਕ ਚਿੱਟਾ ਪੀਣ ਵਾਲੇ ਮੁਲਾਜ਼ਮਾਂ ਨੂੰ ਕੰਮ 'ਤੇ ਰੱਖਦਾ ਹੈ ਤਾਂ ਉਸ ਦਾ ਵੀ ਬਾਈਕਾਟ ਕੀਤਾ ਜਾਏਗਾ | ਇਸ ਵਿਸ਼ਾਲ ਇਕੱਤਰਤਾ ਵਿਚ ਵੱਖ ਵੱਖ ਜਥੇਬੰਦੀਆਂ ਤੋਂ ਇਲਾਵਾ ਚੋਰੀ ਦੀਆਂ ਘਟਨਾਵਾਂ ਤੋਂ ਪੀੜਤ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਹੋਏ | ਇਸ ਮੌਕੇ 'ਤੇ ਇਕੱਤਰ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਮਸਲਾ ਪੰਜਾਬ ਦਾ ਇਕ ਵੱਡਾ ਭਖਦਾ ਮਸਲਾ ਬਣ ਰਿਹਾ ਹੈ | ਜਿਸ 'ਤੇ ਇਸ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਸਬੰਧੀ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ | ਇਸ ਮੌਕੇ ਬਾਬਾ ਗੁਰਸੇਵਕ ਸਿੰਘ, ਮੋਹਨ ਸਿੰਘ ਨੰਬਰਦਾਰ, ਗੁਰਭਾਗ ਸਿੰਘ ਮਰੂੜ, ਬਲਰਾਮ ਸਿੰਘ ਫੇਰੋਕੇ ਮਹਿੰਦਰ ਸਿੰਘ ਮਨਸੂਦੇਵਾ ਆਤਮਾ ਸਿੰਘ, ਸੋਨੀ ਮੰਸੂਰਦੇਵਾ, ਬੀ.ਕੇ.ਯੂ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਲਜ਼ਾਰ ਸਿੰਘ ਗੋਗੋਆਣੀ, ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਲਹਿਰਾ, ਗਿਆਨ ਸਿੰਘ ਸ਼ਾਹ ਵਾਲਾ, ਬੀ.ਕੇ.ਯੂ ਬਹਿਰਾਮ ਕੇ ਦੇ ਸੁਖਦੇਵ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ, ਧਰਮਿੰਦਰ ਸਿੰਘ, ਮੋਹਨ ਸਿੰਘ ਬੋਤੀਆਂ ਵਾਲਾ, ਹਰਵੀਰ ਸਿੰਘ, ਦਰਸ਼ਨ ਸਿੰਘ, ਇਕਾਈ ਮੈਂਬਰ ਗੁਰਦੇਵ ਸਿੰਘ, ਸੁਖਬੀਰ ਸਿੰਘ, ਦਰਸ਼ਨ ਸਿੰਘ ਬੰਬ, ਨਵਰਾਜ ਸਿੰਘ ਬੰਬ, ਬੀ.ਕੇ.ਯੂ ਕਾਦੀਆਂ ਦੇ ਬਲਾਕ ਮੱਲਾਂਵਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਲਟੋਹਾ, ਗੁਰਤੇਜ ਸਿੰਘ ਮਹੀਆਂ ਵਾਲਾ ਕਲਾਂ, ਕਰਤਾਰ ਸਿੰਘ ਮਹੀਆਂ ਵਾਲਾ ਕਲਾਂ, ਅਜੈਬ ਸਿੰਘ, ਤਾਰ ਸਿੰਘ, ਪਾਲ ਸਿੰਘ, ਤਰਸੇਮ ਸਿੰਘ ਰੂਪ, ਬਲਕਾਰ ਸਿੰਘ ਬਾਬਾ, ਗੁਰਚਰਨ ਸਿੰਘ, ਸ਼ਾਂਤੀ ਸਰੂਪ ਆਦਿ ਕਿਸਾਨ ਆਗੂ ਹਾਜ਼ਰ ਸਨ |