ਫ਼ਿਰੋਜ਼ਪੁਰ, 20 ਮਈ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 2 ਵਿਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ | ਇਸੇ ਤਹਿਤ ਕਾਂਗਰਸ ਪਾਰਟੀ ਦੇ ਐਮ.ਸੀ ਉਮੀਦਵਾਰ ਕਸ਼ਮੀਰ ਸਿੰਘ ਭੁੱਲਰ ਵਲੋਂ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਦੀ ਅਪੀਲ ਕੀਤੀ ਗਈ | ਚੋਣ ਪ੍ਰਚਾਰ ਦੌਰਾਨ ਕਸ਼ਮੀਰ ਸਿੰਘ ਭੁੱਲਰ ਨੇ ਕਿਹਾ ਕਿ ਵਾਰਡ ਵਿਚ ਜਿੰਨਾ ਵਿਕਾਸ ਕਾਂਗਰਸ ਪਾਰਟੀ ਵਲੋਂ ਕਰਵਾਇਆ ਗਿਆ ਹੈ | ਉਹ ਕਿਸੇ ਹੋਰ ਪਾਰਟੀ ਵਲੋਂ ਨਹੀਂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦਿੱਤੀ ਹੈ ਅਤੇ ਵਾਰਡ ਵਿਚ ਸਫ਼ਾਈ, ਗਲੀਆਂ ਦੀ ਮੁਰੰਮਤ ਅਤੇ ਰੌਸ਼ਨੀ ਵਰਗੇ ਕਈ ਮਹੱਤਵਪੂਰਨ ਕੰਮ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਸਮਰਥਨ ਕਾਂਗਰਸ ਪਾਰਟੀ ਨਾਲ ਲਗਾਤਾਰ ਵੱਧ ਰਿਹਾ ਹੈ ਅਤੇ ਵਾਰਡ ਵਾਸੀ ਵਿਕਾਸ ਦੇ ਮੁੱਦੇ 'ਤੇ ਹੀ ਆਪਣਾ ਫ਼ੈਸਲਾ ਲੈਣਗੇ | ਕਸ਼ਮੀਰ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 26 ਮਈ ਨੂੰ ਪੰਜੇ ਦੇ ਨਿਸ਼ਾਨ 'ਤੇ ਮੋਹਰ ਲਗਾ ਕੇ ਕਾਂਗਰਸ ਪਾਰਟੀ ਨੂੰ ਕਾਮਯਾਬ ਬਣਾਇਆ ਜਾਵੇ ਤਾਂ ਜੋ ਵਾਰਡ ਵਿਚ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ | ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਵਲੋਂ ਵੀ ਕਸ਼ਮੀਰ ਸਿੰਘ ਭੁੱਲਰ ਨੂੰ ਭਰਵਾਂ ਸਮਰਥਨ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਹੋਰ ਵੀ ਮੈਂਬਰ ਹਾਜ਼ਰ ਸਨ |