ਮਮਦੋਟ 20 ਮਈ (ਹਾਂਡਾ)-ਕੇਂਦਰ ਸਰਕਾਰ ਵਲੋਂ ਬੀਤੇ ਦੀਨੀ ਡੀਜ਼ਲ ਦੀ ਕੀਮਤ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਤੋਂ ਬਾਅਦ ਬੀਤੇ ਕੱਲ੍ਹ ਫਿਰ ਕਰੀਬ 1 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਪੋਟਾਸ਼ ਦੇ ਭਾਅ ਵਿਚ ਪ੍ਰਤੀ ਗੱਟਾ ਕਰੀਬ 600 ਰੁਪਏ ਦਾ ਵਾਧਾ ਕੀਤਾ ਗਿਆ ਹੈ, ਕੀੜੇਮਾਰ ਦਵਾਈਆਂ, ਟਿਊਬਵੈੱਲਾਂ ਦੇ ਸਾਜੋ ਸਮਾਨ ਅਤੇ ਖੇਤੀ ਮਸ਼ੀਨਰੀ ਦੇ ਭਾਅ ਵੀ ਜੀ.ਐੱਸ.ਟੀ.ਵਧਾ ਕੇ ਅਸਮਾਨੀ ਝੜਾ ਦਿੱਤੇ ਹਨ ਜਦਕਿ ਦੂਜੇ ਪਾਸੇ ਝੋਨੇ ਦੇ ਭਾਅ ਵਿਚ ਸਿਰਫ਼ 72 ਪੈਸੇ ਪ੍ਰਤੀ ਕਿੱਲੋ ਦਾ ਨਿਗੂਣਾ ਵਾਧਾ ਕੀਤਾ ਗਿਆ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ ਅਤੇ ਸਰਕਲ ਪ੍ਰਧਾਨ ਗੁਰਬਚਨ ਸਿੰਘ ਕਿੱਲੀ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਕੇ ਕੇਂਦਰ ਵਿਚ ਸੱਤਾ ਕਾਇਮ ਕਰਨ ਤੋਂ ਬਾਅਦ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਵਿਸਾਰ ਹੀ ਨਹੀਂ ਦਿੱਤਾ ਗਿਆ,ਬਲਕਿ ਆਪਣੇ ਵਾਅਦੇ ਦੇ ਉਲਟ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਬਜਾਏ ਖੇਤੀ ਖ਼ਰਚੇ ਦੁੱਗਣੇ ਕਰ ਦਿੱਤੇ ਗਏ ਹਨ, ਜਿਸਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਕਿਸਾਨੀ ਨੂੰ ਮਾਰਨ 'ਤੇ ਤੁਲੀ ਹੋਈ ਹੈ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਨਾਲ-ਨਾਲ ਖੇਤੀਂ ਲਾਗਤਾਂ ਦੇ ਵਾਧੇ ਅਨੁਸਾਰ ਫ਼ਸਲਾਂ ਦੇ ਭਾਅ ਵਿਚ ਵਾਧਾ ਕੀਤਾ ਜਾਵੇ | ਇਸ ਮੌਕੇ ਸਰਕਲ ਝੋਕ ਮੋਹੜੇ ਦੇ ਪ੍ਰਧਾਨ ਗੁਰਪਿਆਰ ਸਿੰਘ ਸੰਧੂ, ਪਿ੍ਤਪਾਲ ਸਿੰਘ ਤਾਰੇ ਵਾਲਾ, ਸਾਧਾ ਸਿੰਘ ਕਿੱਲੀ, ਗੁਰਵਿੰਦਰ ਸਿੰਘ ਸੋਢੀ ਵਾਲਾ, ਜੁਗਰਾਜ ਸਿੰਘ ਕਿੱਲੀ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ |