ਮੁੱਦਕੀ, 20 ਮਈ (ਭਾਰਤ ਭੂਸ਼ਨ ਅਗਰਵਾਲ)-ਗਰਮੀ ਦੇ ਦਿਨਾਂ ਵਿਚ ਜਿੱਥੇ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ ਉੱਥੇ ਗੰਦੀਆਂ ਥਾਵਾਂ 'ਤੇ ਪੈਦਾ ਹੋਣ ਵਾਲੇ ਮੱਛਰ ਵੀ ਕਈ ਬਿਮਾਰੀਆਂ ਫੈਲਾ ਰਹੇ ਹਨ | ਇਸ ਦੇ ਬਾਵਜੂਦ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਵਿਚ ਮੱਛਰ, ਮੱਖੀਆਂ ਆਦਿ ਕੀੜੇ-ਮਕੌੜੇ ਧਰਤੀ ਵਿਚੋਂ ਬਾਹਰ ਨਿਕਲ ਕੇ ਆਮ ਲੋਕਾਂ ਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾਉਂਦੇ ਹਨ | ਇਹ ਮੱਛਰ, ਮੱਖੀਆਂ ਜਦ ਖਾਣ ਵਾਲੀਆਂ ਚੀਜ਼ਾਂ 'ਤੇ ਬੈਠਦੇ ਹਨ ਤਾਂ ਉਸ ਨਾਲ ਉਹ ਭੋਜਨ ਖ਼ਰਾਬ ਹੋ ਜਾਂਦਾ ਹੈ | ਜਿਸ ਨਾਲ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ | ਇਸ ਸਬੰਧ ਵਿਚ ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਗਲੀਆਂ 'ਚ ਪਿਆ ਕੂੜਾ ਅਤੇ ਨਾਲੀਆਂ 'ਚ ਖੜ੍ਹੇ ਪਾਣੀ ਵਿਚ ਮੱਛਰਾਂ ਦੀ ਭਰਮਾਰ ਹੈ | ਜਿਸ ਕਾਰਨ ਮੱਛਰਾਂ 'ਤੇ ਮੱਖੀਆਂ ਭਰਮਾਰ ਏਨੀ ਕੁ ਵੱਧ ਗਈ ਹੈ ਕਿ ਆਮ ਲੋਕਾਂ ਨੂੰ ਇਨ੍ਹਾਂ ਤੋਂ ਬਚਣ ਲਈ ਕਰੀਮਾਂ, ਧੁੱਪਾਂ ਆਦਿ 'ਤੇ ਵਾਧੂ ਖ਼ਰਚ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਜੇਬ 'ਤੇ ਵਾਧੂ ਬੋਝ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਸਬੇ 'ਚ ਜਲਦ ਹੀ ਮੱਛਰਮਾਰ ਦਵਾਈ ਦਾ ਛਿੜਕਾਅ ਨਾ ਕਰਵਾਇਆ ਗਿਆ ਤਾਂ ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਸਿਹਤ ਵਿਭਾਗ ਵਲੋਂ ਘਰਾਂ 'ਤੇ ਸਾਂਝੀਆਂ ਥਾਵਾਂ 'ਤੇ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਸੀ, ਪਰ ਇਸ ਵਾਰ ਹਾਲੇ ਤੱਕ ਕਿਸੇ ਵੀ ਕਿਸਮ ਦੀ ਦਵਾਈ ਨਹੀਂ ਛਿੜਕੀ ਗਈ | ਉਨ੍ਹਾਂ ਨਗਰ ਪੰਚਾਇਤ ਤੋਂ ਮੰਗ ਕੀਤੀ ਕਿ ਕਸਬੇ 'ਚ ਜਲਦੀ ਤੋਂ ਜਲਦੀ ਮੱਛਰਮਾਰ ਦਵਾਈ ਦਾ ਛਿੜਕਾਅ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੱਛਰਾਂ ਕਾਰਨ ਹੋ ਰਹੀ ਪੇ੍ਰਸ਼ਾਨੀ ਤੋਂ ਫ਼ੌਰੀ ਤੌਰ 'ਤੇ ਰਾਹਤ ਮਿਲ ਸਕੇ |