ਫ਼ਿਰੋਜ਼ਪੁਰ, 21 ਮਈ (ਗੁਰਿੰਦਰ ਸਿੰਘ)-ਆਸਮਾਨ ਤੋਂ ਵਰ੍ਹਦੀ ਅੱਗ ਦਰਮਿਆਨ ਫ਼ਿਰੋਜ਼ਪੁਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਮਾਹੌਲ ਵੀ ਪੂਰੀ ਤਰ੍ਹਾਂ ਭਖ ਚੁੱਕਾ ਹੈ | 33 ਵਾਰਡਾਂ ਵਾਲੀ ਨਗਰ ਕੌਂਸਲ ਲਈ ਇਸ ਵਾਰ ਕੁੱਲ 138 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਸ ਕਾਰਨ ਸ਼ਹਿਰ ਦੇ ਹਰ ਇਲਾਕੇ ਵਿਚ ਚੁਣਾਵੀ ਚਰਚਾਵਾਂ ਅਤੇ ਰਾਜਨੀਤਿਕ ਸਰਗਰਮੀਆਂ ਚਰਮ ਸੀਮਾ 'ਤੇ ਹਨ | ਮੁੱਖ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਜ਼ਿਆਦਾਤਰ ਵਾਰਡਾਂ ਵਿਚ ਆਪਣੇ ਉਮੀਦਵਾਰ ਉਤਾਰੇ ਗਏ ਹਨ | ਜਦਕਿ ਕਈ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਵੀ ਮੁੱਖ ਪਾਰਟੀਆਂ ਲਈ ਚੁਨੌਤੀ ਬਣਦੇ ਨਜ਼ਰ ਆ ਰਹੇ ਹਨ | ਚੋਣ ਮੈਦਾਨ ਵਿਚ ਸਭ ਤੋਂ ਵੱਧ ਦਿਲਚਸਪੀ ਉਨ੍ਹਾਂ ਵਾਰਡਾਂ ਨੂੰ ਲੈ ਕੇ ਹੈ ਜਿੱਥੇ ਚਾਰੇ ਮੁੱਖ ਪਾਰਟੀਆਂ ਆਹਮਣੇ-ਸਾਹਮਨੇ ਹਨ | ਵਾਰਡ ਨੰਬਰ 10, 12, 16, 18, 19, 20, 22, 25, 26, 29, 31, 32 ਅਤੇ 33 ਵਿਚ ਅਕਾਲੀ ਦਲ, ਭਾਜਪਾ, ਕਾਂਗਰਸ, ਅਤੇ ਆਮ ਆਦਮੀ ਪਾਰਟੀ ਵਿਚਕਾਰ ਸਿੱਧਾ ਮੁਕਾਬਲਾ ਬਣਿਆ ਹੋਇਆ ਹੈ | ਇਨ੍ਹਾਂ ਵਾਰਡਾਂ ਵਿਚ ਕਈ ਥਾਵਾਂ 'ਤੇ ਆਜ਼ਾਦ ਉਮੀਦਵਾਰਾਂ ਦੀ ਮੌਜੂਦਗੀ ਕਾਰਨ ਚੁਣਾਵੀ ਗਣਿਤ ਹੋਰ ਵੀ ਪੇਚੀਦਾ ਹੋ ਗਏ ਹਨ | ਦੂਜੇ ਪਾਸੇ ਕੁੱਝ ਵਾਰਡਾਂ ਵਿਚ ਮੁਕਾਬਲਾ ਸਿਮਤ ਪਾਰਟੀਆਂ ਤੱਕ ਹੀ ਰਹਿ ਗਿਆ ਹੈ | ਵਾਰਡ ਨੰਬਰ 2 ਵਿਚ ਆਮ ਆਦਮੀ ਪਾਰਟੀ 'ਤੇ ਭਾਰਤੀ ਜਨਤਾ ਪਾਰਟੀ, ਵਾਰਡ ਨੰਬਰ 7 ਅਤੇ 8 ਵਿਚ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਵਿਚਕਾਰ ਸਿੱਧੀ ਟੱਕਰ ਹੈ, ਜਦਕਿ ਵਾਰਡ ਨੰਬਰ 21 ਵਿਚ ਬਹੁਜਨ ਸਮਾਜ ਪਾਰਟੀ ਅਤੇ ਆਜ਼ਾਦ ਉਮੀਦਵਾਰ ਦਰਮਿਆਨ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ | ਜਿਉਂ-ਜਿਉਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਚੋਣ ਪ੍ਰਚਾਰ ਨੇ ਵੀ ਪੂਰਾ ਜ਼ੋਰ ਫੜ ਲਿਆ ਹੈ | ਉਮੀਦਵਾਰਾਂ ਵਲੋਂ ਡੋਰ-ਟੂ-ਡੋਰ ਮੁਹਿੰਮਾਂ, ਜਨ ਸਭਾਵਾਂ ਅਤੇ ਗਲੀ-ਮੁਹੱਲਿਆਂ ਵਿਚ ਨੁੱਕੜ ਮੀਟਿੰਗਾਂ ਰਾਹੀਂ ਵੋਟਰਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ | ਵਿਕਾਸ ਕਾਰਜ, ਸਫ਼ਾਈ ਪ੍ਰਬੰਧ, ਸੀਵਰੇਜ, ਪੀਣ ਵਾਲੇ ਪਾਣੀ ਦੀ ਸਮੱਸਿਆ, ਸੜਕਾਂ ਦੀ ਮੁਰੰਮਤ ਅਤੇ ਸਟਰੀਟ ਲਾਈਟਾਂ ਵਰਗੇ ਮੁੱਦੇ ਚੋਣ ਪ੍ਰਚਾਰ ਦੇ ਮੁੱਖ ਮੁੱਦੇ ਹਨ | ਸਾਰੀਆਂ ਪਾਰਟੀਆਂ ਆਪਣੇ ਆਪ ਨੂੰ ਸ਼ਹਿਰ ਦੇ ਵਿਕਾਸ ਲਈ ਸਭ ਤੋਂ ਯੋਗ ਦੱਸਣ ਵਿਚ ਜੁੱਟੀਆਂ ਹੋਈਆਂ ਹਨ | ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਨਗਰ ਕੌਂਸਲ ਚੋਣਾਂ ਵਿਚ ਕਈ ਵਾਰਡਾਂ ਦੇ ਨਤੀਜੇ ਬਹੁਤ ਹੀ ਕਰੀਬੀ ਰਹਿ ਸਕਦੇ ਹਨ | ਖ਼ਾਸ ਕਰਕੇ ਆਜ਼ਾਦ ਉਮੀਦਵਾਰਾਂ ਦੀ ਮੌਜੂਦਗੀ ਕਈ ਵਾਰਡਾਂ ਵਿਚ ਮੁੱਖ ਪਾਰਟੀਆਂ ਦੇ ਜਿੱਤ-ਹਾਰ ਦੇ ਸਮੀਕਰਨ ਬਦਲ ਸਕਦੀ ਹੈ | ਕੁੱਲ ਮਿਲਾ ਕੇ ਫ਼ਿਰੋਜ਼ਪੁਰ ਦੀ ਇਹ ਚੁਣਾਵੀ ਜੰਗ ਹੁਣ ਪੂਰੀ ਤਰ੍ਹਾਂ ਦਿਲਚਸਪ ਅਤੇ ਰੋਮਾਂਚਕ ਮੋੜ 'ਤੇ ਪਹੁੰਚ ਗਈ ਹੈ |