ਫ਼ਿਰੋਜ਼ਪੁਰ, 23 ਮਈ (ਕੁਲਬੀਰ ਸਿੰਘ ਸੋਢੀ)-ਸ਼ਹਿਰ ਅੰਦਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਭਖੇ ਮਾਹੌਲ ਵਿਚ ਸਮੂਹ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿਚ ਜਿੱਥੇ ਰਾਜਨੀਤਕ ਪਾਰਟੀ ਦੇ ਆਗੂਆਂ ਅਤੇ ਅਹੁਦੇਦਾਰਾਂ ਵਲੋਂ ਚੋਣ ਪ੍ਰਚਾਰ ਕੀਤਾ ਜ ਰਿਹਾ ਹੈ, ਉੱਥੇ ਚੋਣਾਂ ਵਿਚ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਵਲੋਂ ਇਕ ਮੌਕਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ | ਦੇਖਣ ਵਿਚ ਆਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਲੋਕਾਂ ਨੂੰ ਚੋਣ ਮੈਦਾਨ ਵਿਚ ਨਿੱਤਰਨ ਦਾ ਖੁੱਲ੍ਹਾ ਮਾਹੌਲ ਮਿਲਿਆ ਹੈ | ਜਦਕਿ ਪਿਛਲੀਆਂ ਚੋਣਾਂ ਵਿਚ ਤਤਕਾਲੀ ਸਰਕਾਰ ਦੇ ਨੁਮਾਇੰਦਿਆਂ ਵਲੋਂ ਕਾਗ਼ਜ਼ ਭਰਨ ਹੀ ਨਹੀਂ ਦਿੱਤੇ ਗਏ ਸਨ | ਜਿਸ ਸਦਕਾ ਇਕੋ ਪਾਰਟੀ ਦੇ ਸਾਰੇ ਉਮੀਦਵਾਰ ਜੇਤੂ ਹੋਏ 'ਤੇ ਨਗਰ ਕੌਂਸਲ ਵਿਚ ਕਬਜ਼ਾ ਕੀਤਾ | ਪਰ ਇਸ ਵਾਰ ਮਾਹੌਲ ਬਹੁਤ ਰੋਚਕ ਬਣਿਆ ਹੋਇਆ ਹੈ ਅਤੇ ਹਰ ਉਮੀਦਵਾਰ ਖੱੁਲ੍ਹੇ ਮਾਹੌਲ ਵਿਚ ਆਪਣਾ ਚੋਣ ਪ੍ਰਚਾਰ ਕਰ ਰਿਹਾ ਹੈ | ਇਸ ਦੇ ਚੱਲਦੇ ਵਾਰਡ ਨੰਬਰ 2 ਤੋਂ 'ਆਪ' ਉਮੀਦਵਾਰ ਪਰਮਵੀਰ ਸਿੰਘ ਵੜੈਚ, ਵਾਰਡ ਨੰਬਰ 16 ਤੋਂ ਰਾਜਬੀਰ ਸਿੰਘ ਰਾਮਗੜ੍ਹੀਆਂ ਅਤੇ ਵਾਰਡ ਨੰਬਰ 24 ਤੋਂ ਨਰੇਸ਼ ਕੁਮਾਰ ਕੰਤੋੜ ਵਲੋਂ ਆਪਣੇ ਵਾਰਡ ਦੇ ਲੋਕਾਂ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ | 'ਆਪ' ਉਮੀਦਵਾਰਾਂ ਵਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਪਹਿਲਾ ਤੁਸੀਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਮੌਕੇ ਦਿੱਤੇ ਸਨ | ਪਰ ਉਹ ਵਾਅਦੇ ਕਰਕੇ ਮੁਨਕਰ ਹੋ ਗਏ, ਇਸ ਲਈ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦਿਓ ਤਾਂ ਕਿ ਜਨਤਾ ਨੂੰ ਭਿ੍ਸ਼ਟਾਚਾਰ, ਨਸ਼ਾ ਮੁਕਤ 'ਤੇ ਸੁਰੱਖਿਆ ਭਰਪੂਰ ਮਾਹੌਲ ਦਿੱਤਾ ਜਾ ਸਕੇ | ਉਮੀਦਵਾਰਾਂ ਨੇ ਅੱਗੇ ਕਿਹਾ ਕਿ ਵਾਰਡਾਂ ਦੀ ਨੁਹਾਰ ਤਾਂ ਬਦਲੇਗੀ, ਇਸ ਦੇ ਨਾਲ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ | ਉਮੀਦਵਾਰ ਪਰਮਵੀਰ ਸਿੰਘ, ਰਾਜਬੀਰ ਸਿੰਘ 'ਤੇ ਨਰੇਸ਼ ਕੰਤੋੜ ਨੇ ਵਿਸ਼ਵਾਸ ਦਿੱਤਾ ਕਿ ਉਹ ਹਮੇਸ਼ਾ ਤੁਹਾਡੀ ਸੇਵਾ ਵਿਚ ਹਾਜ਼ਰ ਰਹਿਣਗੇ 'ਤੇ ਲੋਕ ਸੇਵਾ ਨੂੰ ਪਹਿਲ ਦੇਣ ਦੇ ਨਾਲ ਵਾਰਡ ਦੀ ਨੁਹਾਰ ਬਦਲਣ ਲਈ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਹ ਪੂਰੇ ਹੋ ਰਹੇ ਹਨ | ਇਸੇ ਤਰ੍ਹਾਂ ਜੇਕਰ ਤੁਸੀਂ ਸਾਨੂੰ ਕਾਮਯਾਬ ਕਰੋਗੇ 'ਤੇ ਵਾਰਡਾਂ ਦੇ ਨਾਲ ਸ਼ਹਿਰ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ |