21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮੱਲਾਂਵਾਲਾ 'ਚ ਦਾਖਲ ਹੁੰਦਿਆਂ ਹੀ ਗੰਦਗੀ ਅਤੇ ਕੂੜਾ ਕਰਦਾ ਲੋਕਾਂ ਦਾ ਸੁਆਗਤ

Ad Position 21
No active advertisement
ਅਜੀਤ ਡੈਸਕ 25-05-2026
ਮੱਲਾਂਵਾਲਾ, 24 ਮਈ (ਬਲਬੀਰ ਸਿੰਘ ਜੋਸਨ)-ਸਬ ਤਹਿਸੀਲ ਮੱਲਾਂਵਾਲਾ 'ਚ ਇਨ੍ਹਾਂ ਦਿਨਾਂ ਦੌਰਾਨ ਗੰਦਗੀ ਅਤੇ ਮਾੜੇ ਸਫ਼ਾਈ ਪ੍ਰਬੰਧਾਂ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਭਾਵੇਂ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋ ਚੁੱਕੀ ਹੈ ਪਰ ਕਸਬੇ ਦੇ ਨਗਰ ਪੰਚਾਇਤ ਦਫਤਰ ਦੇ ਨਾਲ ਬਣੇ ਕੂੜਾ ਡੰਪ ਤੇ ਮੇਨ ਸੜਕ ਸਮੇਤ ਬਾਜ਼ਾਰਾਂ, ਗਲੀਆਂ 'ਤੇ ਪਿਆ ਗੰਦਾ ਕੂੜਾ ਅਜੇ ਤੱਕ ਨਹੀਂ ਚੁੱਕਿਆ ਗਿਆ | ਪਿਛਲੇ ਕਰੀਬ 20 ਦਿਨਾਂ ਤੋਂ ਖਿੱਲਰੇ ਪਏ ਕੂੜੇ ਦੇ ਢੇਰਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ | ਗਰਮੀ ਦੇ ਮੌਸਮ ਵਿਚ ਕੂੜੇ ਵਿਚੋਂ ਆ ਰਹੀ ਭਿਆਨਕ ਬਦਬੂ ਕਾਰਨ ਲੋਕਾਂ ਦਾ ਘਰਾਂ ਤੇ ਦੁਕਾਨਾਂ ਵਿੱਚ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ | ਕਸਬੇ ਵਿਚ ਦਾਖਲ ਹੁੰਦਿਆਂ ਹੀ ਸੜਕਾਂ ਕਿਨਾਰੇ ਪਿਆ ਗੰਦਾ ਕੂੜਾ ਰਾਹਗੀਰਾਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਲਈ ਮੱਲਾਂਵਾਲਾ ਦੀ ਮਾੜੀ ਤਸਵੀਰ ਪੇਸ਼ ਕਰ ਰਿਹਾ ਹੈ | ਬਾਜ਼ਾਰਾਂ ਅਤੇ ਗਲੀਆਂ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਨਾ ਸਿਰਫ਼ ਬਦਬੂ ਫੈਲ ਰਹੀ ਹੈ, ਸਗੋਂ ਮੱਖੀਆਂ, ਮੱਛਰਾਂ ਅਤੇ ਆਵਾਰਾ ਪਸ਼ੂਆਂ ਦੀ ਗਿਣਤੀ ਵੀ ਵੱਧ ਰਹੀ ਹੈ | ਲੋਕਾਂ ਨੂੰ ਡਰ ਹੈ ਕਿ ਜੇਕਰ ਜਲਦੀ ਸਫ਼ਾਈ ਨਾ ਹੋਈ ਤਾਂ ਕਸਬੇ ਅੰਦਰ ਬਿਮਾਰੀਆਂ ਫੈਲ ਸਕਦੀਆਂ ਹਨ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਹੜਤਾਲ ਖ਼ਤਮ ਹੋਣ ਤੋਂ ਬਾਅਦ ਵੀ ਸਫ਼ਾਈ ਕਰਮਚਾਰੀ ਸੜਕ ਤੇ ਘਰਾਂ ਦੇ ਬਾਹਰ ਪਿਆ ਕੂੜਾ ਨਹੀਂ ਚੁੱਕ ਰਹੇ | ਕਈ ਥਾਵਾਂ 'ਤੇ ਲੋਕਾਂ ਨੇ ਮਜਬੂਰੀ ਵਿੱਚ ਆਪਣੇ ਘਰਾਂ ਦਾ ਕੂੜਾ ਖਾਲੀ ਪਲਾਟਾਂ ਅਤੇ ਸੜਕਾਂ ਕਿਨਾਰੇ ਸੁੱਟਣਾ ਸ਼ੁਰੂ ਕਰ ਦਿੱਤਾ ਹੈ | ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਬਣਦੇ ਜਾ ਰਹੇ ਹਨ | ਬੀਤੇ ਦਿਨ ਨਗਰ ਪੰਚਾਇਤ ਮੱਲਾਂਵਾਲਾ ਦੇ ਦਫ਼ਤਰ ਨਾਲ ਬਣੇ ਕੂੜਾ ਡੰਪ ਨੂੰ ਅਚਾਨਕ ਰਾਤ ਨੂੰ ਅੱਗ ਲੱਗ ਗਈ ਸੀ | ਜਿਸ ਕਾਰਨ ਕੂੜੇ ਵਿਚ ਪਈ ਪਲਾਸਟਿਕ ਅਤੇ ਹੋਰ ਗੰਦਗੀ ਸੜਨ ਕਾਰਨ ਬਦਬੂ ਲਗਾਤਾਰ ਫੈਲੀ ਰਹੀ ਹੈ | ਇਸ ਘਟਨਾ ਨੇ ਨਗਰ ਪੰਚਾਇਤ ਦੇ ਸਫ਼ਾਈ ਪ੍ਰਬੰਧਾਂ 'ਤੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ | ਐਤਵਾਰ ਦੇ ਦਿਨ ਵੀ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਗੰਦੇ ਕੂੜੇ ਦੇ ਢੇਰ ਪਏ ਰਹੇ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਫ਼ਤਰ ਦੇ ਸਾਹਮਣੇ ਹੀ ਇਹ ਹਾਲਾਤ ਹਨ ਤਾਂ ਕਸਬੇ ਦੀਆਂ ਗਲੀਆਂ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ | ਕਈ ਲੋਕਾਂ ਨੇ ਦੋਸ਼ ਲਗਾਇਆ ਕਿ ਨਗਰ ਪੰਚਾਇਤ ਮੱਲਾਂਵਾਲਾ ਵਲੋਂ ਸ਼ਹਿਰ ਦੀ ਸਫ਼ਾਈ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ | ਇਲਾਕਾ ਨਿਵਾਸੀਆਂ, ਦੁਕਾਨਦਾਰਾਂ ਅਤੇ ਸਮਾਜਿਕ ਆਗੂਆਂ ਨੇ ਮੰਗ ਕੀਤੀ ਹੈ ਕਿ ਕਸਬੇ ਵਿਚ ਪਏ ਗੰਦੇ ਕੂੜੇ ਨੂੰ ਤੁਰੰਤ ਚੁੱਕਿਆ ਜਾਵੇ ਅਤੇ ਸਫ਼ਾਈ ਪ੍ਰਬੰਧ ਸੁਚੱਜੇ ਬਣਾਏ ਜਾਣ | ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹਾਲਾਤ ਨਾ ਸੁਧਰੇ ਤਾਂ ਉਹ ਨਗਰ ਪੰਚਾਇਤ ਮੱਲਾਂਵਾਲਾ ਖ਼ਿਲਾਫ਼ ਆਵਾਜ਼ ਉਠਾਉਣ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਚੰਦਨ ਉਰਫ਼ ਚੰਦੂ ਨੂੰ ਪ੍ਰੇਸ਼ਾਨ ਕਰਨ ਦੇ ਵਿਰੋਧ 'ਚ ਸਮਰਥਕਾਂ ਤਰਫ਼ੋਂ ਥਾਣੇ ਬਾਹਰ ਧਰਨਾ ਪ੍ਰਦਰਸ਼ਨ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਨੇ ਮਨਾਇਆ ਖੇਤ ਦਿਵਸ
Ad Position 24