ਫ਼ਿਰੋਜ਼ਪੁਰ, 24 ਮਈ(ਰਾਕੇਸ਼ ਚਾਵਲਾ, ਸੁਖਵਿੰਦਰ ਸਿੰਘ)-ਨਗਰ ਕੌਂਸਲ ਫ਼ਿਰੋਜ਼ਪੁਰ ਦੀਆਂ ਚੋਣਾਂ 'ਚ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲਈ ਵੱਡੀ ਚੁਨੌਤੀ ਬਣ ਕੇ ਉੱਭਰੇ ਚੰਦਨ ਉਰਫ਼ ਚੰਦੂ ਨੂੰ ਲੈ ਕੇ ਅੱਜ ਬਹੁਤ ਵੱਡਾ ਹੰਗਾਮਾ ਹੋਇਆ ਅਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਚੰਦੂ ਸਮਰਥਕਾਂ ਨੇ ਭਾਰੀ ਗਿਣਤੀ 'ਚ ਇਕੱਠੇ ਹੋ ਕੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਊਧਮ ਸਿੰਘ ਚੌਕ 'ਚ ਵੀ ਰੋਸ ਮਾਰਚ ਕੱਢਿਆ | ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਦਰਸ਼ਨਕਾਰੀ ਆਗੂਆਂ ਨਾਲ ਗੱਲਬਾਤ ਕਰ ਭਰੋਸਾ ਦਿੱਤਾ | ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਸ਼ਹਿਰ ਦੇ 33 ਵਾਰਡਾਂ ਵਿਚ ਰਿਵਾਇਤੀ ਸਿਆਸੀ ਪਾਰਟੀਆਂ ਕਾਂਗਰਸ , ਅਕਾਲੀ ਦਲ, ਭਾਜਪਾ ਅਤੇ ਆਪ ਨੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ | ਉੱਥੇ ਹੀ ਮੁੱਖ ਧਾਰਾ 'ਚ ਸ਼ਾਮਲ ਹੋਏ ਸਮਾਜ ਸੇਵੀ ਚੰਦਨ ਉਰਫ਼ ਚੰਦੂ ਨੇ ਪਹਿਲੀ ਵਾਰ ਸਿਆਸਤ 'ਚ ਪੈਰ ਰੱਖਦੇ ਹੋਏ ਆਜ਼ਾਦ ਤੌਰ ਤੇ ਆਪਣੇ 22 ਉਮੀਦਵਾਰ ਮੈਦਾਨ ਵਿਚ ਖੜੇ ਕੀਤੇ ਹਨ | ਇਨ੍ਹਾਂ ਉਮੀਦਵਾਰਾਂ ਨੂੰ ਡਾਇਮੰਡ ਚੋਣ ਨਿਸ਼ਾਨ ਅਲਾਟ ਹੋਇਆ ਹੈ | ਦੱਸਣਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਨਗਰ ਕੌਂਸਲ ਉੱਪਰ ਕਾਂਗਰਸ ਬਹੁ ਗਿਣਤੀ ਐੱਮ.ਸੀ ਹੋਣ ਕਰਕੇ ਕਾਬਜ਼ ਰਹੀ | ਇਸ ਵਾਰ ਚੰਦੂ ਦੇ ਚੋਣ ਮੈਦਾਨ ਵਿਚ ਉੱਤਰਨ ਨਾਲ ਵਿਰੋਧੀ ਸਿਆਸੀ ਪਾਰਟੀਆਂ ਵਿਚ ਘਬਰਾਹਟ ਦੇਖਣ ਨੂੰ ਮਿਲ ਰਹੀ ਸੀ | ਜਿਸ ਦੇ ਚੱਲਦੇ ਬੀਤੇ ਦਿਨੀਂ ਕਾਂਗਰਸ, ਭਾਜਪਾ ਅਤੇ ਅਕਾਲੀ ਲੀਡਰਾਂ ਵਲੋਂ ਅਸਿੱਧੇ ਢੰਗ ਨਾਲ ਸ਼ੇਰ ਤੇ ਬੱਬਰ ਸ਼ੇਰ ਦਸ ਘੁਰਕੀਆਂ ਦਿੱਤੀਆਂ ਜਾ ਰਹੀਆਂ ਸਨ | ਜਿਸ ਦਾ ਅਸਰ ਅੱਜ ਵੇਖਣ ਨੂੰ ਮਿਲਿਆ | ਅੱਜ ਦੁਪਹਿਰ ਸਮੇਂ ਰੋਲਾ ਪੈ ਗਿਆ ਕਿ ਚੰਦੂ ਨੂੰ ਪੁਲਿਸ ਨੇ ਨਜਾਇਜ਼ ਹਿਰਾਸਤ 'ਚ ਲੈ ਲਿਆ ਹੈ | ਜਿਸ ਦੇ ਚੱਲਦੇ ਸ਼ਹਿਰ ਦਾ ਸ਼ਾਂਤ ਸਿਆਸੀ ਮਾਹੌਲ ਗਰਮੀ ਦੇ ਪਾਰੇ ਤਰਾਂ ਅਸਮਾਨੀ ਚੜ੍ਹ ਗਿਆ | ਭਾਰੀ ਸੰਖਿਆ 'ਚ ਚੰਦੂ ਸਮਰਥਕ ਥਾਣਾ ਸਿਟੀ ਦੇ ਅੱਗੇ ਪਹੁੰਚ ਰੋਸ ਵਿਖਾਵਾ ਕਰਨ ਲੱਗ ਪਏ | ਜਿਸ ਨੂੰ ਲੈ ਕੇ ਸ਼ਹਿਰ ਅੰਦਰ ਇਕ ਵਾਰ ਤਣਾਅ ਦਾ ਵਾਤਾਵਰਨ ਪੈਦਾ ਹੋ ਗਿਆ | ਇਸ ਮੌਕੇ ਤੇ ਸਮਾਜ ਸੇਵੀ ਚੰਦਨ ਉਰਫ਼ ਚੰਦੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣਾਂ ਵਿਚ ਸਾਡੇ ਉਮੀਦਵਾਰਾਂ ਦੀ ਚੜ੍ਹਤ ਵੇਖ ਰਿਵਾਇਤੀ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਰੰਗ ਉੱਡੇ ਪਏ ਹਨ ਅਤੇ ਇਹ ਲੀਡਰ ਜਿਹੜੇ ਅੱਜ ਮੈਨੂੰ ਗੈਂਗਸਟਰ ਦੱਸਦੇ ਹਨ, ਇਹ ਛੇ ਮਹੀਨੇ ਪਹਿਲਾ ਮੇਰੀਆਂ ਮਿੰਨਤਾਂ ਕੱਢਦੇ ਸਨ ਕਿ ਸਾਡੀ ਪਾਰਟੀ ਦੇ ਹੱਕ ਵਿਚ ਆ ਜਾਓ | ਚੰਦਨ ਉਰਫ਼ ਚੰਦੂ ਨੇ ਦੱਸਿਆ ਕਿ ਮੈਂ ਇਨ੍ਹਾਂ ਲੀਡਰਾਂ ਨੂੰ ਕੋਰੀ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਮੈਂ ਸਮਾਜ ਸੇਵਾ ਕਰਨ ਆਇਆ ਹਾਂ, ਜਿਸ ਤੇ ਉਕਤ ਲੀਡਰਾਂ ਨੇ ਪੁਲਿਸ ਪਾਸ ਮੇਰੀਆਂ ਝੂਠੀਆਂ ਸ਼ਿਕਾਇਤਾਂ ਕਰਵਾਈ | ਚੰਦਨ ਉਰਫ਼ ਚੰਦੂ ਨੇ ਕਿਹਾ ਕਿ ਉਹ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਸਨ ਕਿ ਪੁਲਿਸ ਨੇ ਜਾਣ ਬੁਝ ਕੇ ਪ੍ਰੇਸ਼ਾਨ ਕੀਤਾ ਅਤੇ ਉਸ ਦੇ ਤਿੰਨ ਸਮਰਥਕ ਜਿਨ੍ਹਾਂ ਪਾਸ ਲਾਇਸੰਸੀ ਅਸਲਾ ਸੀ ਨਜਾਇਜ਼ ਢੰਗ ਨਾਲ ਗਿ੍ਫ਼ਤਾਰ ਕਰ ਲਏ | ਸਮਾਜ ਸੇਵੀ ਚੰਦੂ ਅਤੇ ਉਸ ਦੇ ਸਮਰਥਕਾਂ ਨੇ ਕਿਹਾ ਕਿ ਉਹ ਆਪਣੇ ਗਿ੍ਫ਼ਤਾਰ ਸਾਥੀਆਂ ਦੀ ਰਿਹਾਈ ਲਈ ਸੰਘਰਸ਼ ਕਰਨਗੇ | ਚੰਦਨ ਉਰਫ਼ ਚੰਦੂ ਨੇ ਆਪਣੀ ਜਾਣ ਨੂੰ ਖ਼ਤਰੇ ਦਾ ਖ਼ਦਸ਼ਾ ਵੀ ਦੱਸਿਆ | ਇਸ ਮੌਕੇ ਤੇ ਐੱਸ.ਪੀ.ਡੀ ਮਨਜੀਤ ਸਿੰਘ ਨੇ ਦੱਸਿਆ ਕਿ ਸਾਰਾ ਕੰਮ ਕਾਨੂੰਨ ਮੁਤਾਬਿਕ ਕੀਤਾ ਜਾਵੇਗਾ | ਇਸ ਮੌਕੇ ਆਗੂ ਅਸ਼ਵਨੀ ਗਰੋਵਰ, ਸ਼ਾਮ ਲਾਲ ਭੰਗੀ, ਸੱਤ ਪਾਲ, ਪੂਰਨ ਭੱਟੀ, ਬਲਵਿੰਦਰ ਸਿੰਘ, ਕਿੱਕਰ ਸਹੋਤਾ, ਬੱਬੂ, ਅੰਗਰੇਜ਼ , ਮੁਖਾ, ਸ਼ਮਸ਼ੇਰਾਂ, ਰਜਿੰਦਰ, ਸੋਨੀਆ ਤੇਜ਼ੀ ਆਦਿ ਹਾਜ਼ਰ ਸਨ |