ਜਲਾਲਾਬਾਦ, 24 ਮਈ (ਸਤਿੰਦਰ ਸਿੰਘ ਸੋਢੀ)-ਸੇਵਾ ਕੇਂਦਰ ਕਰਮਚਾਰੀ ਯੂਨੀਅਨ, ਪੰਜਾਬ ਦੇ ਸੱਦੇ 'ਤੇ 26 ਮਈ ਤੋਂ ਸੂਬੇ ਭਰ ਵਿਚ ਕਲਮ ਛੋੜ ਹੜਤਾਲ ਕਰਨ ਜਾ ਰਹੇ ਸੇਵਾ ਕੇਂਦਰ ਕਰਮਚਾਰੀਆਂ ਦੇ ਐਲਾਨ ਨੇ ਜਿੱਥੇ ਆਮ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ | ਉੱਥੇ ਹੀ ਸੇਵਾ ਕੇਂਦਰ ਕਰਮਚਾਰੀ ਯੂਨੀਅਨ ਜਲਾਲਾਬਾਦ ਵਲੋਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਐਸ.ਡੀ.ਐਮ ਕੰਵਰਜੀਤ ਸਿੰਘ ਨੂੰ ਦਿੱਤਾ ਗਿਆ | ਸੇਵਾ ਕੇਂਦਰ ਕਰਮਚਾਰੀ ਯੂਨੀਅਨ ਆਗੂ ਗੁਰਿੰਦਰਜੀਤ ਸਿੰਘ, ਅੰਮਿ੍ਤਪਾਲ ਕੌਰ, ਗੁਰਦੀਪ ਸਿੰਘ, ਸਮਾਇਲ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ 10 ਸਾਲਾਂ ਤੋਂ ਸੇਵਾ ਕੇਂਦਰਾਂ ਵਿਚ 10 ਸਾਲ ਤੋਂ ਸੇਵਾਵਾਂ ਨਿਭਾਉਣ ਦੇ ਬਾਵਜੂਦ ਸਰਕਾਰ ਵਲੋਂ ਉਹਨਾਂ ਨੂੰ ਨਿਗੂਣੀਆਂ ਤਨਖ਼ਾਹ ਦੇ ਕੇ ਹੀ ਸਾਰਿਆ ਜਾ ਰਿਹਾ ਹੈ ਤੇ ਕਰਮਚਾਰੀਆਂ ਦੀ ਮੰਗ ਅਨੁਸਾਰ ਉਹਨਾਂ ਨੂੰ ਪੱਕੇ ਵੀ ਨਹੀਂ ਕੀਤਾ ਜਾ ਰਿਹਾ | ਜਦਕਿ ਉਹ ਠੇਕੇਦਾਰੀ ਸਿਸਟਮ ਅਧੀਨ ਆਰਥਿਕ ਤੇ ਮਾਨਸਿਕ ਪੱਖੋਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ | ਯੂਨੀਅਨ ਆਗੂਆਂ ਨੇ ਕਿਹਾ ਕਿ ਉਹਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਆਵਾਜ਼ ਕਈ ਵਾਰ ਸਰਕਾਰ ਤੱਕ ਪਹੁੰਚਾਈ ਗਈ ਹੈ ਪਰ ਸਰਕਾਰ ਉਹਨਾਂ ਦੇ ਹੱਕ ਨਹੀਂ ਦੇ ਰਹੀ | ਨਤੀਜੇ ਵਜੋਂ ਉਹ ਸੂਬਾ ਪੱਧਰੀ ਸੰਘਰਸ਼ ਕਰਨ ਲਈ ਮਜਬੂਰ ਹਨ | ਇਸ ਤਹਿਤ ਸੂਬਾ ਪੱਧਰੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਸਾਂਝੇ ਮੋਰਚੇ ਤਹਿਤ ਸੇਵਾ ਕੇਂਦਰ ਕਰਮਚਾਰੀ 26 ਮਈ ਤੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ਕਰਨਗੇ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੰਗਰੂਰ ਵਿਖੇ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ | ਜਦਕਿ ਉਪਮੰਡਲ ਜਲਾਲਾਬਾਦ ਦੇ ਐਸ.ਡੀ.ਐਮ ਕੰਵਰਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ | ਸੇਵਾ ਕੇਂਦਰ ਦੇ ਕਰਮਚਾਰੀ ਐਸ.ਡੀ.ਐਮ ਕੰਵਰਜੀਤ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ | ਤਸਵੀਰ-ਸਤਿੰਦਰ ਸਿੰਘ ਸੋਢੀ