14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

-ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਮਨਾਂ 'ਚ ਵੱਡੇ ਸਵਾਲ- ਵੋਟਾਂ ਤੋਂ ਪਹਿਲਾਂ ਸ਼ਹਿਰ ਵਿਚ ਚੋਣ ਪ੍ਰਚਾਰ ਚਰਮ 'ਤੇ, ਲੋਕਾਂ ਨੇ ਵਿਕਾਸ ਦੇ ਦਾਅਵਿਆਂ 'ਤੇ ਜਤਾਇਆ ਸੰਦੇਹ

Ad Position 21
No active advertisement
ਅਜੀਤ ਡੈਸਕ 26-05-2026
ਫਿਰੋਜ਼ਪੁਰ, 25 ਮਈ(ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ | ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਆਪਣੇ ਹੱਕ ਵਿਚ ਚੋਣ ਪ੍ਰਚਾਰ ਪੂਰੇ ਪੱਬਾਂ ਭਾਰ ਕੀਤਾ ਗਿਆ | ਗਲੀਆਂ, ਮੁਹੱਲਿਆਂ ਅਤੇ ਵਾਰਡਾਂ ਵਿਚ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ, ਡੋਰ ਟੂ ਡੋਰ ਮੁਹਿੰਮਾਂ ਅਤੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਰਿਹਾ | ਹਰ ਪਾਰਟੀ ਵਲੋਂ ਸ਼ਹਿਰ ਦੇ ਵਿਕਾਸ, ਸਾਫ਼-ਸੁਥਰੇ ਪ੍ਰਬੰਧ, ਟੁੱਟੀਆਂ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ, ਪਾਰਕਾਂ ਦੀ ਸੰਭਾਲ ਅਤੇ ਸਟਰੀਟ ਲਾਈਟਾਂ ਵਰਗੇ ਮੁੱਦਿਆਂ ਨੂੰ ਮੁੱਖ ਚੋਣ ਏਜੰਡਾ ਬਣਾਇਆ ਗਿਆ ਪਰ ਦੂਜੇ ਪਾਸੇ ਆਮ ਲੋਕਾਂ ਦੇ ਮਨਾਂ ਵਿਚ ਇਕ ਵੱਡਾ ਸਵਾਲ ਲਗਾਤਾਰ ਖੜ੍ਹਾ ਦਿਖਾਈ ਦੇ ਰਿਹਾ ਹੈ ਕਿ ਜਿਹੜੇ ਵਾਅਦੇ ਚੋਣਾਂ ਤੋਂ ਪਹਿਲਾਂ ਕੀਤੇ ਜਾ ਰਹੇ ਹਨ, ਕੀ ਉਹ ਸੱਚਮੁੱਚ ਪੂਰੇ ਹੋਣਗੇ ਜਾਂ ਫਿਰ ਪਿਛਲੇ ਕਈ ਸਾਲਾਂ ਵਾਂਗ ਇਹ ਵਾਅਦੇ ਵੀ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਤ ਰਹਿ ਜਾਣਗੇ | ਸ਼ਹਿਰ ਦੇ ਕਈ ਇਲਾਕਿਆਂ ਵਿਚ ਅਜੇ ਵੀ ਟੁੱਟੀਆਂ ਸੜਕਾਂ,ਗੰਦਗੀ, ਸੋਕੜ ਨਹਿਰ ਦਾ ਵੀ ਜਾਮ ਸੀਵਰੇਜ ਅਤੇ ਬੇਹਾਲ ਪਾਰਕ ਲੋਕਾਂ ਦੀ ਨਾਰਾਜ਼ਗੀ ਦਾ ਕਾਰਨ ਬਣੇ ਹੋਏ ਹਨ | ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਆਉਂਦਿਆਂ ਹੀ ਹਰ ਵਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜਿੱਤ ਤੋਂ ਬਾਅਦ ਆਮ ਜਨਤਾ ਨੂੰ ਮੁੜ ਉਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਥਾਵਾਂ 'ਤੇ ਪਿਛਲੇ ਲੰਬੇ ਸਮੇਂ ਤੋਂ ਪਏ ਅਧੂਰੇ ਕੰਮ ਅੱਜ ਵੀ ਲੋਕਾਂ ਨੂੰ ਸਰਕਾਰੀ ਦਾਅਵਿਆਂ ਦੀ ਹਕੀਕਤ ਯਾਦ ਕਰਵਾ ਰਹੇ ਹਨ | ਸ਼ਹਿਰ ਦੇ ਇਕ ਪਾਰਕ ਦੀ ਤਸਵੀਰ ਵੀ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਜਿੱਥੇ ਲੋਕਾਂ ਨੇ ਵਿਕਾਸ ਦੇ ਦਾਅਵਿਆਂ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਹੀ ਨਾ ਮਿਲਣ ਤਾਂ ਫਿਰ ਚੋਣਾਂ ਦੌਰਾਨ ਕੀਤੇ ਜਾ ਰਹੇ ਵਾਅਦਿਆਂ ਦਾ ਕੀ ਅਰਥ ਰਹਿ ਜਾਂਦਾ ਹੈ | ਸੋਕੜ ਨਹਿਰ ਦਾ ਵੀ ਸੀਵਰੇਜ ਸਿਸਟਮ ਮਾੜਾ ਹੋਣ ਦੇ ਕਾਰਨ ਲੋਕਾਂ ਨੂੰ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜਿੱਤ ਤੋਂ ਬਾਅਦ ਇਸ ਦਾ ਵੀ ਸੁਧਾਰ ਹੋਵੇਗਾ | ਲੋਕਾਂ ਦਾ ਕਹਿਣਾ ਹੈ ਕਿ ਹੁਣ ਵੋਟਰ ਸਿਰਫ਼ ਭਾਸ਼ਣਾਂ ਨਾਲ ਨਹੀਂ, ਸਗੋਂ ਜ਼ਮੀਨੀ ਕੰਮ ਦੇਖ ਕੇ ਆਪਣਾ ਫੈਸਲਾ ਕਰਨਗੇ | ਇਸ ਵਾਰ ਦੀ ਚੋਣ ਵਿੱਚ ਹਰ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ, ਪਰ ਵੋਟਰ ਚੁੱਪਚਾਪ ਸਭ ਕੁਝ ਦੇਖ ਰਹੇ ਹਨ | ਲੋਕਾਂ ਅਨੁਸਾਰ ਉਹ ਇਸ ਵਾਰ ਉਸੇ ਉਮੀਦਵਾਰ ਨੂੰ ਤਰਜੀਹ ਦੇਣਗੇ ਜੋ ਚੋਣਾਂ ਤੋਂ ਬਾਅਦ ਵੀ ਉਨ੍ਹਾਂ ਦੇ ਵਿਚ ਰਹਿ ਕੇ ਕੰਮ ਕਰੇ ਅਤੇ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਪੱਕਾ ਹੱਲ ਕਰੇ | ਅੱਜ ਜੋ ਵੋਟਾਂ ਪੈਣ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਲੋਕਾਂ ਦੀਆਂ ਉਮੀਦਾਂ ਵੀ ਨਵੇਂ ਚੁਣੇ ਜਾਣ ਵਾਲੇ ਨੁਮਾਇੰਦਿਆਂ ਨਾਲ ਜੁੜ ਚੁੱਕੀਆਂ ਹਨ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜਿਨ੍ਹਾਂ ਵਾਅਦਿਆਂ ਦੇ ਆਧਾਰ 'ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ, ਉਨ੍ਹਾਂ 'ਤੇ ਨਵੇਂ ਐਮ.ਸੀ.ਅਤੇ ਕੌਂਸਲਰ ਕਿੰਨਾ ਖਰਾ ਉੱਤਰਦੇ ਹਨ ਜਾਂ ਫਿਰ ਲੋਕਾਂ ਨੂੰ ਅਗਲੇ ਪੰਜ ਸਾਲ ਵੀ ਉਸੇ ਤਰ੍ਹਾਂ ਮੁਸ਼ਕਲਾਂ ਅਤੇ ਉਡੀਕਾਂ ਵਿਚ ਗੁਜ਼ਾਰਨੇ ਪੈਣਗੇ | ਸ਼ਹਿਰ ਦੀ ਜਨਤਾ ਦਾ ਕਹਿਣਾ ਹੈ ਕਿ ਇਸ ਵਾਰ ਵੋਟ ਸਿਰਫ਼ ਨਿਸ਼ਾਨ ਨੂੰ ਨਹੀਂ, ਸਗੋਂ ਭਰੋਸੇ ਨੂੰ ਪੈਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਫ਼ਿਰੋਜ਼ਪੁਰ ਪੁਲਿਸ ਪੂਰੀ ਤਰ੍ਹਾਂ ਚੌਕਸ- ਐੱਸ.ਐੱਸ.ਪੀ ਅਗਲੀ ਖ਼ਬਰ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ, ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ- ਜ਼ਿਲ੍ਹਾ ਚੋਣ ਅਫ਼...
Ad Position 24