ਜ਼ੀਰਾ, 27 ਮਈ (ਪ੍ਰਤਾਪ ਸਿੰਘ ਹੀਰਾ)-ਸਥਾਨਕ ਜ਼ੀਰਾ ਸ਼ਹਿਰ ਅੰਦਰ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਟਰੈਫ਼ਿਕ ਦੀ ਸਮੱਸਿਆ ਨੇ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਸ਼ਹਿਰ ਦੇ ਸਭ ਤੋਂ ਮੁੱਖ ਅਤੇ ਵਿਅਸਤ ਰੇਲਵੇ ਰੋਡ 'ਤੇ ਹਾਲਾਤ ਇਸ ਕਦਰ ਬਦਤਰ ਹੋ ਚੁੱਕੇ ਹਨ ਕਿ ਇੱਥੇ ਪੈਦਲ ਲੰਘਣਾ ਵੀ ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ ਹੈ। ਇਸੇ ਸੜਕ 'ਤੇ ਸ਼ਹਿਰ ਦਾ ਸਿਵਲ ਹਸਪਤਾਲ ਅਤੇ ਮੁੱਖ ਥਾਣਾ ਸਥਿਤ ਹੋਣ ਕਾਰਨ ਸਥਿਤੀ ਹੋਰ ਵੀ ਚਿੰਤਾਜਨਕ ਬਣ ਜਾਂਦੀ ਹੈ। ਟਰੈਫ਼ਿਕ ਜਾਮ ਕਾਰਨ ਨਾ ਤਾਂ ਸਮੇਂ ਸਿਰ ਮਰੀਜ਼ਾਂ ਨੂੰ ਲੈ ਕੇ ਐਂਬੂਲੈਂਸਾਂ ਲੰਘ ਸਕਦੀਆਂ ਹਨ ਅਤੇ ਨਾ ਹੀ ਕਿਸੇ ਐਮਰਜੈਂਸੀ ਵੇਲੇ ਪੁਲਿਸ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਪਾਉਂਦੀਆਂ ਹਨ। ਦੱਸਣਾ ਬਣਦਾ ਹੈ ਕਿ ਜਲੰਧਰ ਮੁੱਖ ਮਾਰਗ ਹੋਣ ਕਾਰਨ ਆਵਾਜਾਈ ਦਾ ਭਾਰੀ ਦਬਾਅ ਰਹਿੰਦਾ ਹੈ, ਗੰਗਾਨਗਰ, ਅਬੋਹਰ, ਫ਼ਾਜ਼ਿਲਕਾ ਆਦਿ ਤੋਂ ਜਲੰਧਰ ਜਾਣ ਵਾਲੇ ਲੋਕ ਇਸੇ ਸੜਕ ਦੀ ਵਰਤੋਂ ਕਰਦੇ ਹਨ। ਇਹੋ ਰੇਲਵੇ ਰੋਡ ਅੱਗੇ ਜਲੰਧਰ ਮੁੱਖ ਮਾਰਗ ਨੂੰ ਜੋੜਦਾ ਹੈ। ਜਿਸ ਕਾਰਨ ਇੱਥੇ ਭਾਰੀ ਟਰੈਫ਼ਿਕ ਰਹਿੰਦਾ ਹੈ। ਸੜਕ ਦੇ ਦੋਵੇਂ ਪਾਸੇ ਬਿਨਾਂ ਕਿਸੇ ਤਰਤੀਬ ਦੇ ਖੜ੍ਹੀਆਂ ਕਾਰਾਂ ਅਤੇ ਹੋਰ ਵਾਹਨਾਂ ਕਾਰਨ ਸੜਕ ਸੁੰਗੜ ਕੇ ਰਹਿ ਗਈ ਹੈ। ਇਸ ਭਾਰੀ ਜਾਮ ਅਤੇ ਖੱਜਲ-ਖ਼ੁਆਰੀ ਕਾਰਨ ਰੋਜ਼ਾਨਾ ਛੋਟੇ-ਮੋਟੇ ਹਾਦਸੇ ਵਾਪਰਨਾ ਆਮ ਗੱਲ ਹੋ ਗਈ ਹੈ। ਸਥਾਨਕ ਲੋਕਾਂ ਮੁਤਾਬਿਕ ਬੀਤੇ ਦਿਨੀਂ ਟਰੈਫ਼ਿਕ ਦੀ ਇਸ ਅਵਿਵਸਥਾ ਅਤੇ ਹਾਦਸੇ ਕਾਰਨ ਇਕ ਕੀਮਤੀ ਜਾਨ ਵੀ ਜਾ ਚੁੱਕੀ ਹੈ। ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਟਰੈਫ਼ਿਕ ਜਾਮ ਦੀ ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਸੜਕ ਕਿਨਾਰੇ ਹੋਏ ਵੱਡੇ ਪੱਧਰ 'ਤੇ ਨਜਾਇਜ਼ ਕਬਜ਼ੇ ਹਨ। ਜਾਣਕਾਰੀ ਮੁਤਾਬਿਕ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਲੋੜਵੰਦ ਲੋਕਾਂ ਲਈ 9-9 ਫੁੱਟ ਦੇ ਖੋਖੇ (ਦੁਕਾਨਾਂ) ਰੱਖਣ ਲਈ ਜਗ੍ਹਾ ਦਿੱਤੀ ਗਈ ਸੀ, ਪਰ ਅੱਜ ਦੇ ਸਮੇਂ ਇਨ੍ਹਾਂ ਖੋਖਾ ਧਾਰਕਾਂ ਨੇ ਪ੍ਰਸ਼ਾਸਨਿਕ ਢਿੱਲ ਦਾ ਫ਼ਾਇਦਾ ਉਠਾਉਂਦੇ ਹੋਏ 9 ਫੁੱਟ ਦੀ ਬਜਾਏ 15-15 ਫੁੱਟ ਤੱਕ ਸੜਕ ਵੱਲ ਨਜਾਇਜ਼ ਕਬਜ਼ੇ ਕਰ ਲਏ ਹਨ। ਜਿਸ ਨੇ ਮੁੱਖ ਸੜਕ ਨੂੰ ਬਿਲਕੁਲ ਭੀੜਾ ਕਰ ਦਿੱਤਾ ਹੈ। ਇਸ ਮਾਮਲੇ ਵਿਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ ਕਿ ਬਾਜ਼ਾਰ ਦੇ ਕਈ ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਵਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਨਜਾਇਜ਼ ਤੌਰ 'ਤੇ ਰੇਹੜੀਆਂ ਲਗਵਾਈਆਂ ਜਾਂਦੀਆਂ ਹਨ। ਇਨ੍ਹਾਂ ਰੇਹੜੀਆਂ ਵਾਲਿਆਂ ਤੋਂ ਹਰ ਮਹੀਨੇ ਮੋਟੀ ਰਕਮ ਕਿਰਾਏ ਵਜੋਂ ਵਸੂਲੀ ਜਾਂਦੀ ਹੈ। ਆਪਣੀ ਨਿੱਜੀ ਕਮਾਈ ਦੇ ਚੱਕਰ ਵਿਚ ਇਹ ਦੁਕਾਨਦਾਰ ਸ਼ਹਿਰ ਦੇ ਹਿਤਾਂ ਨੂੰ ਛਿੱਕੇ ਟੰਗ ਰਹੇ ਹਨ। ਜਿਸ ਦਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੇ ਅੰਦਰ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਦੋ ਥਾਵਾਂ 'ਤੇ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਪਰ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਅੱਜ ਤੱਕ ਲੋਕਾਂ ਨੂੰ ਇਨ੍ਹਾਂ ਪਾਰਕਿੰਗਾਂ ਬਾਰੇ ਜਾਗਰੂਕ ਹੀ ਨਹੀਂ ਕੀਤਾ ਗਿਆ। ਸਹੀ ਜਾਣਕਾਰੀ ਦੀ ਘਾਟ ਕਾਰਨ ਆਮ ਲੋਕ ਉੱਥੇ ਵਾਹਨ ਖੜ੍ਹੇ ਕਰਨ ਜਾਂਦੇ ਹੀ ਨਹੀਂ ਅਤੇ ਆਪਣੀਆਂ ਗੱਡੀਆਂ ਸੜਕਾਂ 'ਤੇ ਹੀ ਖੜ੍ਹੀਆਂ ਕਰ ਦਿੰਦੇ ਹਨ, ਜਿਸ ਨਾਲ ਜਾਮ ਹੋਰ ਗੂੜ੍ਹਾ ਹੋ ਜਾਂਦਾ ਹੈ। ਸ਼ਹਿਰ ਦੀ ਇਸ ਬਦਤਰ ਸਥਿਤੀ ਨੂੰ ਦੇਖਦਿਆਂ ਜ਼ੀਰਾ ਦੀਆਂ ਸਮੂਹ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਇਕਸੁਰ ਵਿਚ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਪੱਕਾ ਹੱਲ ਕੱਢਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਰੇਲਵੇ ਰੋਡ ਤੋਂ ਨਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ। ਦੁਕਾਨਾਂ ਅੱਗੇ ਵਪਾਰਕ ਤੌਰ 'ਤੇ ਲੱਗਣ ਵਾਲੀਆਂ ਨਜਾਇਜ਼ ਰੇਹੜੀਆਂ ਨੂੰ ਬੰਦ ਕਰਵਾਇਆ ਜਾਵੇ। ਨਗਰ ਕੌਂਸਲ ਦੀਆਂ ਦੋਵੇਂ ਪਾਰਕਿੰਗਾਂ ਨੂੰ ਚਾਲੂ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸੜਕ 'ਤੇ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣ।