ਮੁੱਦਕੀ, 27 ਮਈ (ਭਾਰਤ ਭੂਸ਼ਨ ਅਗਰਵਾਲ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਮਈ ਦੇ ਅਖੀਰਲੇ ਹਫ਼ਤੇ 'ਚ ਤਾਪਮਾਨ 43 ਡਿਗਰੀ ਤੋਂ ਉੱਪਰ ਜਾ ਰਿਹਾ ਹੈ। ਇਸ ਦੇ ਬਾਵਜੂਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਤਿੱਖੀ ਧੁੱਪ ਵਿਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਸਾਉਣੀ ਦੀ ਫ਼ਸਲ ਦੇ ਸੀਜ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹੋਣ ਕਾਰਨ ਖੇਤਾਂ ਵਿਚ ਕੰਮ ਰੁਕਣਾ ਸੰਭਵ ਨਹੀਂ। ਤਾਪਮਾਨ ਵਧਣ ਕਾਰਨ ਲਗਾਤਾਰ ਵਗ ਰਹੀਆਂ ਤੇਜ਼ ਗਰਮ ਹਵਾਵਾਂ ਪਸ਼ੂ, ਪੰਛੀਆਂ 'ਤੇ ਹੋਰ ਕਾਰੋਬਾਰ 'ਚ ਲੱਗੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਸਿਹਤ ਮਾਹਿਰਾਂ ਅਤੇ ਡਾਕਟਰਾਂ ਵਲੋਂ ਵੀ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਖ਼ਾਸ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਸਵੇਰ ਤੋਂ ਲੈ ਕੇ ਦੁਪਹਿਰ ਬਾਅਦ ਤੱਕ ਬਾਜ਼ਾਰਾਂ 'ਚ ਲੋਕਾਂ ਦੀ ਚਹਿਲ-ਪਹਿਲ ਨਾ ਹੋਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ 'ਤੇ ਦੁਕਾਨਦਾਰ ਵਿਹਲੇ ਦੁਕਾਨਾਂ 'ਤੇ ਬੈਠਣ ਲਈ ਮਜਬੂਰ ਹਨ। ਸੜਕਾਂ 'ਤੇ ਆਵਾਜਾਈ ਵੀ ਨਾ ਦੇ ਬਰਾਬਰ ਹੈ 'ਤੇ ਕੋਈ ਟਾਂਵਾਂ-ਟਾਂਵਾਂ ਵਹੀਕਲ ਹੀ ਏਨੀ ਗਰਮੀ 'ਚ ਲੰਘ ਰਿਹਾ ਹੈ। �ਧਰ ਛੋਟੇ ਦੁਕਾਨਦਾਰਾਂ ਵਲੋਂ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਹਾਲਤਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇ, ਕਿਉਂਕਿ ਬਾਜ਼ਾਰਾਂ 'ਚ ਗਾਹਕਾਂ ਦੀ ਆਮਦ ਘਟਣ ਨਾਲ ਰੋਜ਼ਮੱਰਾ ਦੇ ਖ਼ਰਚੇ ਨਿਕਲਣੇ ਬਹੁਤ ਮੁਸ਼ਕਿਲ ਹੋ ਗਏ ਹਨ। ਵਾਤਾਵਰਨ ਵਿਭਾਗ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਤਾਪਮਾਨ ਵਧੇਗਾ, ਜਿਸ ਨਾਲ ਮਨੁੱਖੀ ਸਿਹਤ ਦੇ ਨਾਲ-ਨਾਲ ਕਾਰੋਬਾਰ 'ਤੇ ਵੀ ਮਾੜਾ ਅਸਰ ਪਵੇਗਾ।