ਫ਼ਿਰੋਜ਼ਪੁਰ, 31 ਮਈ (ਸੋਢੀ)-ਫਿਰੋਜ਼ਪੁਰ ਦਿਹਾਤੀ ਹਲਕੇ ਵਿਚ ਮੋੜਾ ਸਿੰਘ ਅਨਜਾਨ ਦੇ ਪਹੁੰਚਣ ਮੌਕੇ ਵਰ੍ਹਦੇ ਮੀਂਹ ਦੇ ਬਾਵਜੂਦ ਇਲਾਕੇ ਦੀ ਸਮੂਹ ਸੰਗਤਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਵੱਡੀ ਗਿਣਤੀ ਵਿਚ ਲੋਕ ਸਵਾਗਤ ਲਈ ਇਕੱਠੇ ਹੋਏ ਅਤੇ ਫੁੱਲਾਂ ਦੇ ਹਾਰ ਪਾ ਕੇ, ਨਾਅਰੇਬਾਜ਼ੀ ਕਰਦੇ ਹੋਏ ਅਤੇ ਢੋਲ ਦੀਆਂ ਧੁਨਾਂ ਨਾਲ ਮੋੜਾ ਸਿੰਘ ਅਨਜਾਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਪੂਰਾ ਮਾਹੌਲ ਜੋਸ਼ ਅਤੇ ਖ਼ੁਸ਼ੀ ਨਾਲ ਭਰਿਆ ਹੋਇਆ ਨਜ਼ਰ ਆਇਆ | ਨੌਜਵਾਨਾਂ, ਬਜ਼ੁਰਗਾਂ ਅਤੇ ਮਹਿਲਾਵਾਂ ਵਲੋਂ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਲਗਾ ਕੇ ਆਪਣਾ ਪਿਆਰ ਅਤੇ ਸਮਰਥਨ ਪ੍ਰਗਟਾਇਆ ਗਿਆ | ਮੋੜਾ ਸਿੰਘ ਅਨਜਾਨ ਨੇ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਮਿਲਿਆ ਇਹ ਪਿਆਰ, ਸਤਿਕਾਰ ਅਤੇ ਭਰੋਸਾ ਉਨ੍ਹਾਂ ਲਈ ਵੱਡੀ ਪੇ੍ਰਰਨਾ ਹੈ | ਉਨ੍ਹਾਂ ਕਿਹਾ ਕਿ ਇਲਾਕੇ ਦੀ ਸੇਵਾ, ਵਿਕਾਸ ਅਤੇ ਲੋਕਾਂ ਦੇ ਹੱਕਾਂ ਲਈ ਉਹ ਹਮੇਸ਼ਾ ਇਮਾਨਦਾਰੀ ਅਤੇ ਪੂਰੀ ਨਿਸ਼ਠਾ ਨਾਲ ਕੰਮ ਕਰਦੇ ਰਹਿਣਗੇ | ਉਨ੍ਹਾਂ ਨੇ ਕਿਹਾ ਕਿ ਵਰ੍ਹਦੇ ਮੀਂਹ ਵਿਚ ਵੀ ਲੋਕਾਂ ਦਾ ਇੰਨੀ ਵੱਡੀ ਗਿਣਤੀ ਵਿਚ ਪਹੁੰਚਣਾ ਇਹ ਸਾਬਤ ਕਰਦਾ ਹੈ ਕਿ ਇਲਾਕੇ ਦੇ ਲੋਕ ਬਦਲਾਅ ਅਤੇ ਵਿਕਾਸ ਦੀ ਰਾਜਨੀਤੀ ਨਾਲ ਜੁੜ ਰਹੇ ਹਨ |