ਮੱਖੂ, 2 ਜੂਨ (ਸੰਧੂ)-ਮੱਖੂ ਦੇ ਕਰਿਆਨਾ ਸਟੋਰ ਮਾਲਕ ਗੁਰਚਰਨ ਸਿੰਘ ਕਾਲਾ ਗਾਬਾ ਦੀ ਕੱਲ੍ਹ ਕਰਿਆਨਾ ਸਟੋਰ 'ਤੇ ਬੈਠੇ ਦੀ ਗੋਲੀਆਂ ਮਾਰ ਕੇ ਅਣਪਛਾਤਿਆਂ ਵਿਅਕਤੀਆਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ | ਕਾਲਾ ਗਾਬਾ ਦੀ ਹੱਤਿਆ ਤੋਂ ਬਾਅਦ ਮੱਖੂ ਸ਼ਹਿਰ ਵਾਸੀਆਂ ਨੇ ਬਾਜ਼ਾਰ ਬੰਦ ਕਰਵਾ ਕੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਨੂੰ ਲੈ ਕੇ ਮੱਖੂ ਥਾਣੇ ਦੇ ਮੂਹਰੇ ਧਰਨਾ ਲਗਾ ਦਿੱਤਾ ਸੀ ਅਤੇ ਬਾਅਦ ਵਿਚ ਜਸਪਾਲ ਸਿੰਘ ਢਿੱਲੋ ਡੀ.ਐਸ.ਪੀ ਜ਼ੀਰਾ ਦੇ ਭਰੋਸੇ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਸੀ, ਪਰ ਅੱਜ ਸਮੂਹ ਮੱਖੂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ | ਜਦ ਇਸ ਸਬੰਧੀ ਜਸਪਾਲ ਸਿੰਘ ਢਿੱਲੋ ਡੀ.ਐਸ.ਪੀ ਜ਼ੀਰਾ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ੀ ਜਲਦ ਸਲਾਖ਼ਾਂ ਦੇ ਪਿੱਛੇ ਹੋਣਗੇ |