ਫ਼ਿਰੋਜ਼ਪੁਰ, 2 ਜੂਨ (ਕੁਲਬੀਰ ਸਿੰਘ ਸੋਢੀ, ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਤੋਂ ਮੱਲਾਂਵਾਲਾ ਸੜਕ 'ਤੇ ਬੇਦੀ ਕਾਲੋਨੀ ਫੇਸ 2 ਅੰਦਰ ਰਹਿੰਦੀ 'ਆਪ' ਦੀ ਮਹਿਲਾ ਆਗੂ ਮਨਜੀਤ ਕੌਰ ਦੇ ਘਰ ਉੱਪਰ ਦੇਰ ਰਾਤ ਅਣਪਛਾਤਿਆਂ ਵਲੋਂ ਪਥਰਾਅ ਕਰਨ ਦੀ ਸੂਚਨਾ ਮਿਲੀ ਹੈ | ਜਿਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਦੇ ਸ਼ੀਸ਼ੇ ਟੁੱਟੇ ਹਨ | ਮਹਿਲਾ ਆਗੂ ਮਨਜੀਤ ਕੌਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਦੇਰ ਰਾਤ ਇਕ ਕਾਰ ਵਿਚ ਆਏ ਲਗਭਗ ਅੱਧਾ ਦਰਜਨ ਵਿਅਕਤੀਆਂ ਵਲੋਂ ਉਸ ਦੇ ਰਿਹਾਇਸ਼ 'ਤੇ ਪੱਥਰਬਾਜ਼ੀ ਕੀਤੀ ਗਈ | ਜਿਸ ਦੌਰਾਨ ਘਰ ਦੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ, ਜਦਕਿ ਪੂਰੀ ਘਟਨਾ ਰਿਹਾਇਸ਼ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ | ਮਹਿਲਾ ਆਗੂ ਮਨਜੀਤ ਕੌਰ ਨੇ ਕਿਹਾ ਕਿ ਉਹ ਅਤੇ ਉਸ ਦੇ ਪਤੀ ਸਾਬਕਾ ਫ਼ੌਜੀ ਵਿੰਗ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਫ਼ੌਜੀ ਆਮ ਆਦਮੀ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਸਾਡੇ ਘਰ 'ਤੇ ਹਮਲਾ ਰਾਜਨੀਤਿਕ ਬਦਲਾਖੋਰੀ ਕਰਕੇ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਪਿੱਛੋਂ ਉਨ੍ਹਾਂ ਸਥਾਨਕ ਵਿਧਾਇਕ ਦੇ ਆਚਰਨ ਅਤੇ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਸਨ, ਜਿਸ ਕਰਕੇ ਸ਼ੱਕ ਹੈ ਕਿ ਸਾਨੂੰ ਡਰਾਉਣ ਲਈ ਅਜਿਹਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਉਹ ਰਾਤ ਦੇ ਸਮੇਂ ਘਰੋਂ ਬਾਹਰ ਨਿਕਲਦੇ, ਤਾਂ ਉਹ ਇਕ ਗੰਭੀਰ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਹੋ ਸਕਦੇ ਸਨ | ਪੀੜਤ ਪਰਿਵਾਰ ਨੇ ਦੱਸਿਆ ਕਿ ਇਨਸਾਫ਼ ਲੈਣ ਅਤੇ ਅਣਪਛਾਤਿਆਂ ਵਿਰੁੱਧ ਕਾਰਵਾਈ ਕਰਨ ਲਈ ਥਾਣਾ ਸਿਟੀ ਪੁਲਿਸ ਪਾਸ ਦਰਖ਼ਾਸਤ ਦੇ ਦਿੱਤੀ ਗਈ ਹੈ |
'ਆਪ' ਦੀ ਮਹਿਲਾ ਆਗੂ ਦੇ ਘਰ ਉੱਪਰ ਅਣਪਛਾਤਿਆਂ ਵਲੋਂ ਪੱਥਰਬਾਜ਼ੀ, ਜਾਨੀ ਨੁਕਸਾਨ ਤੋਂ ਬਚਾਅ-ਇਨਸਾਫ਼ ਦੀ ਕੀਤੀ ਮੰਗ
ਅਜੀਤ ਡੈਸਕ
03-06-2026