ਫਿਰੋਜ਼ਪੁਰ, 11 ਜੂਨ (ਸੁਖਵਿੰਦਰ ਸਿੰਘ)-ਭਾਰਤੀ ਅੰਡਰ-18 ਮਹਿਲਾ ਹਾਕੀ ਟੀਮ ਵਿਚ ਆਪਣੇ ਬਲਬੂਤੇ ਨਾਲ ਸਥਾਨ ਬਣਾਉਣ ਵਾਲੀ ਪੰਜਾਬ ਦੀ ਹੋਣਹਾਰ ਧੀ ਰਸ਼ਮੀਨ ਕੌਰ ਹਾਂਡਾ ਨੇ ਜਾਪਾਨ ਦੇ ਕਾਕਾਮਿਗਾਹਾਰਾ ਵਿਖੇ ਹੋਏ ਅੰਡਰ-18 ਮਹਿਲਾ ਹਾਕੀ ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਨਾ ਸਿਰਫ਼ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ, ਸਗੋਂ ਸਮੁੱਚੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ | ਇਸ ਕਾਮਯਾਬੀ ਲਈ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪ ਸਿਖਾ ਸ਼ਰਮਾ ਨੇ ਹੋਣਹਾਰ ਖਿਡਾਰੀ ਰਸ਼ਮੀਨ ਕੌਰ ਹਾਂਡਾ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਵਿਚ ਹੋਰ ਵੱਡੀਆਂ ਉਪਲਬਧੀਆਂ ਲਈ ਸ਼ੁੱਭ ਇਛਾਵਾਂ ਪ੍ਰਗਟ ਕੀਤੀਆਂ | ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪ ਸ਼ਿਖਾ ਸ਼ਰਮਾ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਜਮੀਤਪੁਰ ਢੇਰੂ ਦੀ ਧੀ ਰਸ਼ਮੀਨ ਕੌਰ ਹਾਂਡਾ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦੇ ਸਦਕਾ ਭਾਰਤੀ ਟੀਮ ਵਿਚ ਅਹਿਮ ਸਥਾਨ ਹਾਸਲ ਕੀਤਾ ਹੈ | ਇਕ ਤੇਜ਼-ਤਰਾਰ ਅਤੇ ਫੁਰਤੀਲੀ ਮਿਡ ਫੀਲਡਰ ਵਜੋਂ ਉਸ ਨੇ ਪੂਰੇ ਟੂਰਨਾਮੈਂਟ ਦੌਰਾਨ ਟੀਮ ਦੀ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ | ਇਸ ਉਪਲਬਧੀ ਵਿਚ ਰਸ਼ਮੀਨ ਕੌਰ ਅਤੇ ਉਸ ਦੀਆਂ ਸਾਥੀ ਖਿਡਾਰਨਾਂ ਦੇ ਜਜ਼ਬੇ, ਮਿਹਨਤ ਅਤੇ ਟੀਮ ਵਰਕ ਦਾ ਵੱਡਾ ਯੋਗਦਾਨ ਰਿਹਾ | ਉਨ੍ਹਾਂ ਆਸ ਪ੍ਰਗਟ ਕੀਤੀ ਗਈ ਭਵਿੱਖ ਵਿਚ ਵੀ ਇਹ ਖਿਡਾਰਨ ਇਸੇ ਤਰ੍ਹਾਂ ਆਪਣੇ ਪਿੰਡ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰੇਗੀ | ਉਨ੍ਹਾਂ ਨੇ ਖਿਡਾਰਨ ਦੇ ਮਾਪਿਆਂ ਤੇ ਕੋਚਾਂ ਨੂੰ ਵੀ ਮੁਬਾਰਕਬਾਦ ਦਿੱਤੀ | ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਸਿੰਘ ਗਰੇਵਾਲ, ਹਾਕੀ ਕੋਚ ਮਨਮੀਤ ਸਿੰਘ ਰੂਬਲ, ਖਿਡਾਰਨ ਦੇ ਪਿਤਾ ਸੁਖਵਿੰਦਰ ਸਿੰਘ, ਮਾਤਾ ਸੁਖਵਿੰਦਰ ਕੌਰ, ਭਰਾ ਵਤਨਜੀਤ ਸਿੰਘ, ਦਾਦਾ ਨਗਿੰਦਰ ਸਿੰਘ, ਚਾਚਾ ਮਾਸਟਰ ਕਸ਼ਮੀਰ ਸਿੰਘ ਅਤੇ ਖੇਡ ਵਿਭਾਗ ਦੇ ਹੋਰ ਕੋਚ ਅਤੇ ਸਟਾਫ਼ ਹਾਜ਼ਰ ਸਨ |