ਫ਼ਾਜ਼ਿਲਕਾ, 12 ਜੂਨ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਸੁਨੀਤਾ ਦੀ ਅਗਵਾਈ ਹੇਠ ਸੀ.ਐੱਚ.ਸੀ. ਖੂਈ ਖੇੜਾ ਦੇ ਐੱਸ.ਐਮ.ਓ.ਡਾ.ਉਪਿੰਦਰ ਸਿੰਘ ਦੀ ਦੇਖਰੇਖ ਹੇਠ ਸਮੂਹ ਸੈਕਟਰ ਹੈਲਥ ਸੁਪਰਵਾਈਜ਼ਰਾਂ ਦੀ ਹਾਜ਼ਰੀ ਵਿਚ 'ਰਾਸ਼ਟਰੀ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ' ਤਹਿਤ ਵੱਖ-ਵੱਖ ਪਿੰਡਾਂ 'ਚ ਮਲੇਰੀਆ ਜਾਗਰੂਕਤਾ ਸੈਮੀਨਾਰ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜੂਨ ਮਹੀਨੇ ਨੂੰ 'ਐਂਟੀ ਮਲੇਰੀਆ ਮਹੀਨੇ' ਵਜੋਂ ਮਨਾਇਆ ਜਾ ਰਿਹਾ ਹੈ | ਇਸ ਮੁਹਿੰਮ ਤਹਿਤ ਸਿਹਤ ਕਰਮਚਾਰੀ ਘਰ-ਘਰ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਲੇਰੀਆ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣੂ ਕਰਵਾ ਰਹੇ ਹਨ | ਸੈਮੀਨਾਰਾਂ ਦੌਰਾਨ ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਮੱਛਰਾਂ ਦੀ ਪੈਦਾਵਾਰ ਰੋਕਣ ਅਤੇ ਬਚਾਅ ਦੇ ਨੁਕਤੇ ਸਾਂਝੇ ਕੀਤੇ | ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਖੜ੍ਹੇ ਪਾਣੀ ਦੀਆਂ ਨਾਲੀਆਂ ਅਤੇ ਟੋਭਿਆਂ 'ਚ ਹਫ਼ਤੇ ਵਿਚ ਇੱਕ ਵਾਰ ਕਾਲਾ ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰਾਂ ਦਾ ਲਾਰਵਾ ਪੈਦਾ ਨਾ ਹੋ ਸਕੇ | ਰਾਤ ਨੂੰ ਸੌਂਦੇ ਸਮੇਂ ਪੂਰੀਆਂ ਬਾਂਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਬੁਖ਼ਾਰ ਹੋਣ ਦੀ ਸੂਰਤ ਵਿਚ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿਚ ਮੁਫ਼ਤ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਹੈਲਥ ਸੁਪਰਵਾਈਜ਼ਰ ਲਖਵਿੰਦਰ ਸਿੰਘ, ਰਾਜੀਵ ਜਸੂਜਾ, ਇੰਦਰਜੀਤ ਸਿੰਘ ਅਤੇ ਪਵਨਜੀਤ ਸਿੰਘ ਦੀ ਦੇਖਰੇਖ ਹੇਠ ਸਿਹਤ ਕਰਮਚਾਰੀਆਂ ਵਲੋਂ ਵੱਖ-ਵੱਖ ਪਿੰਡਾਂ ਜਿਵੇਂ ਕਿ ਗੁੰਮਜਾਲ, ਚੂਹੜੀ ਵਾਲਾ ਧੰਨਾ, ਡੰਗਰ ਖੇੜਾ, ਹਰੀਪੁਰਾ ਅਤੇ ਖਿੱਪਾਵਾਲੀ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਗਏ |