ਫ਼ਿਰੋਜ਼ਪੁਰ, 12 ਜੂਨ (ਕੁਲਬੀਰ ਸਿੰਘ ਸੋਢੀ)-ਸਮਾਜ ਵਿਚ ਅੰਗ ਦਾਨ ਅਤੇ ਯੂਰੋ-ਕੈਂਸਰ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ 28 ਜੂਨ ਨੂੰ ਫ਼ਿਰੋਜ਼ਪੁਰ ਵਿਚ ਵਿਸ਼ੇਸ਼ ਅੰਗ ਦਾਨ ਅਤੇ ਯੂਰੋ-ਕੈਂਸਰ ਜਾਗਰੂਕਤਾ ਮੈਰਾਥਨ ਕਰਵਾਈ ਜਾ ਰਹੀ ਹੈ | ਇਹ ਪ੍ਰੋਗਰਾਮ ਆਈਕਾਈ ਹਸਪਤਾਲ ਅਤੇ ਆਈਕਾਈ ਇੰਸਟੀਚਿਊਟ ਆਫ਼ ਯੂਰੋ-ਓਨਕੋਲੋਜੀ ਐਂਡ ਰੋਬੋਟਿਕ ਕੈਂਸਰ ਸੈਂਟਰ, ਲੁਧਿਆਣਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਸੰਸਥਾ ਵਲੋਂ ਯੂਰੋ-ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਅੰਗ ਦਾਨ ਸਬੰਧੀ ਵਿਸ਼ਾਲ ਜਨ-ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ | ਖੰਨਾ ਹਸਪਤਾਲ ਦੇ ਡਾਇਰੈਕਟਰ ਡਾ. ਨਰੇਸ਼ ਖੰਨਾ ਨੇ ਦੱਸਿਆ ਕਿ ਮੈਰਾਥਨ ਦੀ ਸ਼ੁਰੂਆਤ 28 ਜੂਨ ਨੂੰ ਸਵੇਰੇ 7 ਵਜੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ, ਫ਼ਿਰੋਜ਼ਪੁਰ ਤੋਂ ਹੋਵੇਗੀ | ਜਿਸ ਨੰੂ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਭੁਪਿੰਦਰ ਸਿੰਘ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ | ਸਮਾਗਮ ਵਿਚ ਵੱਖ-ਵੱਖ ਸਮਾਜਿਕ ਸੰਸਥਾਵਾਂ, ਸਿੱਖਿਆ ਸੰਸਥਾਵਾਂ, ਮੈਡੀਕਲ ਮਾਹਿਰਾਂ, ਪਤਵੰਤੇ ਵਿਅਕਤੀਆਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਆਈਕਾਈ ਹਸਪਤਾਲ ਅਤੇ ਆਈਕਾਈ ਇੰਸਟੀਚਿਊਟ ਆਫ਼ ਯੂਰੋ-ਓਨਕੋਲੋਜੀ ਐਂਡ ਰੋਬੋਟਿਕ ਕੈਂਸਰ ਸੈਂਟਰ, ਲੁਧਿਆਣਾ ਦੇ ਚੇਅਰਮੈਨ ਡਾ. ਬਲਦੇਵ ਸਿੰਘ ਅÏਲਖ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਗੁਰਦੇ, ਬਲੈਡਰ ਅਤੇ ਪ੍ਰੋਸਟੇਟ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ | ਡਾ. ਅÏਲਖ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਆਧੁਨਿਕ ਰੋਬੋਟਿਕ ਸਰਜਰੀ, ਮਿਨੀਮਲੀ ਇਨਵੇਸਿਵ ਕੈਂਸਰ ਇਲਾਜ ਤਕਨੀਕਾਂ, ਗੁਰਦਿਆਂ ਦੀ ਸਿਹਤ ਅਤੇ ਅੰਗ ਦਾਨ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ | ਪ੍ਰੋਗਰਾਮ ਤਹਿਤ ਪੁਲਿਸ ਕਰਮਚਾਰੀਆਂ ਲਈ ਮੁਫ਼ਤ ਯੂਰੋ-ਕੈਂਸਰ, ਕਿਡਨੀ ਹੈਲਥ ਅਤੇ ਜਨਰਲ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ | ਕੈਂਪ ਵਿਚ ਪੀ.ਐੱਸ.ਏ. ਟੈੱਸਟ, ਬਲੱਡ ਸ਼ੂਗਰ ਟੈੱਸਟ, ਬਲੱਡ ਪ੍ਰੈਸ਼ਰ ਜਾਂਚ ਅਤੇ ਮਾਹਿਰ ਡਾਕਟਰਾਂ ਨਾਲ ਸਲਾਹ-ਮਸ਼ਵਰੇ ਦੀ ਸਹੂਲਤ ਵੀ ਉਪਲਬਧ ਹੋਵੇਗੀ |