ਵਿਧਾਇਕ ਰਣਬੀਰ ਭੁੱਲਰ ਨੇ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ
ਅਜੀਤ ਡੈਸਕ
14-06-2026
ਫ਼ਿਰੋਜ਼ਪੁਰ, 13 ਜੂਨ (ਕੁਲਬੀਰ ਸਿੰਘ ਸੋਢੀ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਫ਼ਿਰੋਜ਼ਪੁਰ ਛਾਉਣੀ ਵਿਖੇ ਇਲਾਕੇ ਦੇ ਵਪਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ | ਜਿਸ ਦੌਰਾਨ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜ਼ੂਦ ਰਹੇ | ਮੀਟਿੰਗ ਦੌਰਾਨ ਭੁੱਲਰ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੀ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਵਪਾਰੀਆਂ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਵਪਾਰੀ ਵਰਗ ਸੂਬੇ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ | ਇਸ ਮੌਕੇ ਵਪਾਰੀਆਂ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ, ਬਾਜ਼ਾਰਾਂ ਵਿਚ ਬੁਨਿਆਦੀ ਸਹੂਲਤਾਂ ਦੇ ਸੁਧਾਰ, ਟਰੈਫ਼ਿਕ ਪ੍ਰਬੰਧਨ, ਸੁਰੱਖਿਆ ਪ੍ਰਬੰਧਾਂ ਅਤੇ ਕਾਰੋਬਾਰ ਨਾਲ ਜੁੜੀਆਂ ਹੋਰ ਚੁਨੌਤੀਆਂ ਸਬੰਧੀ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਚੇਅਰਮੈਨ ਜ਼ਿਲ੍ਹਾ ਵਪਾਰ ਮੰਡਲ, ਡੀ.ਐੱਸ.ਪੀ, ਨਾਇਬ ਤਹਿਸੀਲਦਾਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ |