ਅਬੋਹਰ, 13 ਜੂਨ (ਵਿਵੇਕ ਹੂੜੀਆ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਵਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਜ਼ਿਲ੍ਹੇ ਨੂੰ ਸੁਰੱਖਿਅਤ ਬਣਾਉਣ ਦੇ ਦਿੱਤੇ ਗਏ ਸਖ਼ਤ ਨਿਰਦੇਸ਼ਾਂ ਤਹਿਤ ਅਬੋਹਰ ਦੇ ਥਾਣਾ ਸਿਟੀ-1 ਦੇ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਸ਼ਹਿਰ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵੱਖ-ਵੱਖ ਗਿਰੋਹਾਂ ਦੇ ਕਰੀਬ 29 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ 7 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਬੀਤੇ ਦਿਨ ਸੀਡ ਫਾਰਮ ਇਲਾਕੇ ਵਿਚ ਗਸ਼ਤ ਕਰ ਰਹੀ ਸੀ | ਇਸ ਦੌਰਾਨ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਕੁੱਝ ਨੌਜਵਾਨਾਂ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਪੰਚ ਪੀਰ ਟਿੱਬਾ ਗਲੀ ਨੰਬਰ 2 ਦੇ ਵਾਸੀ ਅਸ਼ਵਨੀ ਕੁਮਾਰ, ਜਸਮਿੰਦਰ ਪਾਲ ਸਿੰਘ, ਜਗਤਾਰ ਸਿੰਘ ਵਾਸੀ ਸੀਡ ਫਾਰਮ ਕੱਚਾ, ਕੁਲਦੀਪ ਸਿੰਘ ਵਾਸੀ ਢਾਣੀ ਕਰਨੈਲ, ਸੰਦੀਪ ਕੁਮਾਰ ਵਾਸੀ ਅਜੀਤ ਨਗਰ, ਰਿੰਕੂ ਵਾਸੀ ਸੀਡ ਫਾਰਮ ਪੱਕਾ, ਸੁਰੇਸ਼ ਕੁਮਾਰ ਵਾਸੀ ਪੰਜ ਪੀਰ ਟਿੱਬਾ, ਗੁਰਚਰਨ ਸਿੰਘ ਵਾਸੀ ਸੀਡ ਫਾਰਮ ਪੱਕਾ, ਬਰਕਤ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ, ਮਨਪ੍ਰੀਤ ਸਿੰਘ ਮੰਨਾ ਵਾਸੀ ਡਬਵਾਲਾ ਕਲਾਂ, ਕਰਨ ਭਾਰਤੀ ਵਾਸੀ ਅਜੀਤ ਨਗਰ, ਮਨਪ੍ਰੀਤ ਸਿੰਘ ਵਾਸੀ ਸਰਾਭਾ ਨਗਰ, ਰਾਜਵਿੰਦਰ ਸਿੰਘ ਵਾਸੀ ਸੀਡ ਫਾਰਮ ਕੱਚਾ ਅਤੇ ਬਿੱਟੂ ਵਾਸੀ ਪੰਜ ਪੀਰ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਇਸੇ ਤਰ੍ਹਾਂ ਚੋਰੀਆਂ ਦੀਆਂ ਵਾਰਦਾਤਾਂ ਵਿਚ ਸ਼ਾਮਲ ਇਕ ਹੋਰ ਗਿਰੋਹ ਦਾ ਨਾਮ ਸਾਹਮਣੇ ਆਉਣ 'ਤੇ ਸਿਟੀ-1 ਦੀ ਪੁਲਿਸ ਨੇ ਯੋਗੇਸ਼ ਕੁਮਾਰ, ਕਰਨ ਕੁਮਾਰ, ਕੁਲਦੀਪ ਕੁਮਾਰ, ਪਰਮਪਾਲ ਸਿੰਘ, ਜੋਗਰਾਜ ਸਿੰਘ ਸਾਰੇ ਵਾਸੀ ਜੰਮੂ ਬਸਤੀ, ਪ੍ਰਗਟ ਸਿੰਘ, ਗੋਵਿੰਦਾ ਵਾਸੀ ਇੰਦਰਾ ਨਗਰੀ, ਰੋਹਿਤ ਗਲੀ ਨੰਬਰ 9 ਅਬੋਹਰ, ਮੇਜਰ ਸਿੰਘ ਊਧਮ ਸਿੰਘ ਨਗਰ, ਆਕਾਸ਼, ਆਕਾਸ਼ ਕੁਮਾਰ ਬਿੱਕੂ ਦੋਵੇਂ ਵਾਸੀ ਸੰਤ ਨਗਰ, ਰਾਜਕੁਮਾਰ ਭਗਵਾਨਪੁਰਾ ਮੁਹੱਲਾ, ਵਿਨੈ, ਦੀਪਕ ਅਤੇ ਸਾਜਨ ਤਿੰਨੋਂ ਵਾਸੀ ਪ੍ਰੇਮ ਨਗਰ ਅਬੋਹਰ ਦੇ ਖ਼ਿਲਾਫ਼ ਵੀ ਬੀ.ਐਨ.ਐੱਸ. ਦੀਆਂ ਉਪਰੋਕਤ ਧਾਰਾਵਾਂ ਤਹਿਤ ਇਕ ਹੋਰ ਮਾਮਲਾ ਦਰਜ ਕੀਤਾ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਰਜ ਕੀਤੇ ਗਏ ਮਾਮਲਿਆਂ ਵਿਚੋਂ ਹੁਣ ਤੱਕ 7 ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ | ਇਨ੍ਹਾਂ ਫੜੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ | ਪੁਲਿਸ ਮੁਤਾਬਿਕ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਪਿਛਲੇ ਦਿਨੀਂ ਸ਼ਹਿਰ ਅੰਦਰ ਹੋਈਆਂ ਚੋਰੀ ਅਤੇ ਲੁੱਟ-ਖੋਹ ਦੀਆਂ ਕਈ ਅਹਿਮ ਵਾਰਦਾਤਾਂ ਸੁਲਝਣ ਦੀ ਪੂਰੀ ਉਮੀਦ ਹੈ ਅਤੇ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਜਾਵੇਗਾ |