ਫ਼ਿਰੋਜ਼ਪੁਰ, 18 ਜੂਨ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਗਰਮੀਆਂ ਦੇ ਸੀਜ਼ਨ ਦੌਰਾਨ ਰੇਲਵੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਯਾਤਰੀਆਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਰੇਲਵੇ ਨੇ ਟਰੇਨਾਂ ਵਿਚ ਵਾਧੂ ਕੋਚ ਜੋੜਨ ਦਾ ਫ਼ੈਸਲਾ ਕੀਤਾ ਹੈ। ਜਿਸ ਵਿਚ ਟਰੇਨ ਨੰਬਰ 20498 ਫ਼ਿਰੋਜ਼ਪੁਰ ਕੈਂਟ-ਰਾਮੇਸ਼ਵਰਮ ਹਮਸਫ਼ਰ ਐਕਸਪ੍ਰੈੱਸ ਵਿਚ 20 ਜੂਨ 2026 ਨੂੰ ਵਾਤਾਅਨੁਕੂਲਿਤ 3 ਟਾਇਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ। ਟਰੇਨ ਨੰਬਰ 12030 ਅੰਮ੍ਰਿਤਸਰ-ਨਵੀਂ ਦਿੱਲੀ ਸਵਰਨ ਜਯੰਤੀ ਸ਼ਤਾਬਦੀ ਐਕਸਪ੍ਰੈੱਸ ’ਚ ਵਾਤਾਅਨੁਕੂਲਿਤ ਚੇਅਰ ਕਾਰ ਦਾ ਇਕ ਵਾਧੂ ਕੋਚ ਮਿਤੀ 20, 21 ਅਤੇ 22 ਜੂਨ 2026 ਨੂੰ ਜੋੜਿਆ ਜਾਵੇਗਾ। ਬਸੰਤ ਕੁਮਾਰ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਉਤਰ ਰੇਲਵੇ ਫ਼ਿਰੋਜ਼ਪੁਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਰੇਲ ਯਾਤਰੀਆਂ ਦੀ ਸਹੂਲਤ ਅਤੇ ਬਿਹਤਰ ਸਫ਼ਰ ਲਈ ਲਗਾਤਾਰ ਯਤਨਸ਼ੀਲ ਹੈ। ਵਾਧੂ ਕੋਚ ਲਗਾਉਣ ਨਾਲ ਟਰੇਨਾਂ ਵਿਚ ਜ਼ਿਆਦਾ ਯਾਤਰੀ ਸਫ਼ਰ ਕਰ ਸਕਣਗੇ ਅਤੇ ਯਾਤਰਾ ਆਸਾਨ ਹੋਵੇਗੀ। ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਰੇਲ ਮਦਦ ਨੰਬਰ 139 ਜਾਂ ਨੈਸ਼ਨਲ ਟਰੇਨ ਇਨਕੁਆਰੀ ਸਿਸਟਮ ਤੋਂ ਅੱਪਡੇਟ ਕੀਤੀ ਜਾਣਕਾਰੀ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ।