ਮਮਦੋਟ,20 ਜੂਨ(ਸੁਖਦੇਵ ਸਿੰਘ ਸੰਗ/ਰਾਜਿੰਦਰ ਸਿੰਘ ਹਾਂਡਾ)-ਪੁਲਿਸ ਥਾਣਾ ਲੱਖੋਂ ਕਿ ਬਹਿਰਾਮ ਅਧੀਨ ਆਉਂਦੇ ਪਿੰਡ ਡੋਡ ਵਿਖੇ ਦੋ ਧਿਰਾਂ ਵਿਚ ਟਰਾਂਸਫ਼ਾਰਮਰ ਤੋਂ ਬਿਜਲੀ ਦੀ ਤਾਰ ਲਾਉਣ ਲੈ ਕੇ ਹੋਏ ਵਿਵਾਦ ਦੌਰਾਨ ਚੱਲੀ ਗੋਲੀ ਨਾਲ ਇਕ ਧਿਰ ਦਾ ਇਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਪਰਿਵਾਰ ਦੁਆਰਾ ਇਲਾਜ ਲਈ ਸਿਵਲ ਹਸਪਤਾਲ ਮਮਦੋਟ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ ਲਈ ਰੈਫ਼ਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਵਕੀਲ ਸਿੰਘ ਪੁੱਤਰ ਵੀਰ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਪਿੰਡ ਡੋਡ ਦੇ ਪਰਿਵਾਰਾਂ ਵਿਚਾਲੇ ਕਰੀਬ ਦੋ ਦਿਨ ਪਹਿਲਾਂ ਤਕਰਾਰ ਬਾਜ਼ੀ ਹੋਈ ਸੀ। ਪਿੰਡ ਵਾਸੀਆਂ ਵਲੋਂ ਕਿਸੇ ਤਰੀਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ ਸੀ, ਪਰੰਤੂ ਅੱਜ ਸ਼ਨੀਵਾਰ ਸਵੇਰ ਵੇਲੇ ਟਰਾਂਸਫ਼ਾਰਮਰ ਤੋਂ ਤਾਰ ਲਗਾਉਣ ਨੂੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਫਿਰ ਤੋਂ ਬਹਿਸ ਸ਼ੁਰੂ ਹੋ ਗਈ, ਦੇਖਦੇ ਹੀ ਦੇਖਦੇ ਤਕਰਾਰ ਇੰਨੀ ਵਧ ਗਈ ਕਿ ਇਕ ਧਿਰ ਦੁਆਰਾ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਵਕੀਲ ਸਿੰਘ ਨਾਮੀ ਵਿਅਕਤੀ ਜ਼ਖਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲੱਖੋਂ ਕਿ ਬਹਿਰਾਮ ਦੀ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ‘ਤੇ ਮਾਮਲੇ ਦੀ ਜਾਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਿਕ ਪੁਲਿਸ ਵਲੋਂ ਘਟਨਾ ਉਪਰੰਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਜਿਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।