ਜ਼ੀਰਾ, 27 ਜੂਨ(ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦੇ ਕੀਤੇ ਜਾ ਰਹੇ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਗਜੈਕਟਿਵ ਮੈਂਬਰ ਪੰਜਾਬ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਇਲਾਕੇ ਨੂੰ ਲੋੜ ਮੁਤਾਬਕ ਬਿਜਲੀ ਨਹੀਂ ਮਿਲ ਰਹੀ। ਉਹਨਾਂ ਦੱਸਿਆ ਕਿ ਗਰਿਡ ਠੱਠਾ ਸਾਹਿਬ ਤੋਂ ਮੀਹਾਂ ਸਿੰਘ ਵਾਲਾ, ਨਰੰਗ ਸਿੰਘ ਵਾਲਾ, ਅਲੀਪੁਰ ਫੀਡਰ ਨਾ ਰਾਤ ਚੱਲਦਾ ਹੈ ਨਾ ਦਿਨੇ । ਉਹਨਾਂ ਦੱਸਿਆ ਕਿ ਅੱਜ ਸਵੇਰੇ ਚਾਰ ਵਜੇ ਬਿਜਲੀ ਸਪਲਾਈ ਦੀ ਅੱਠ ਘੰਟੇ ਦੀ ਵਾਰੀ ਸੀ, ਪਰ ਬਿਜਲੀ ਨਹੀਂ ਆਈ ਜਦੋਂ ਬਿਜਲੀ ਅਧਿਕਾਰੀਆਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਪਟਿਆਲੇ ਤੋਂ ਕੱਟ ਲੱਗਾ ਹੈ ਅਤੇ ਕੱਟ ਲੱਗਣ ਨਾਲ ਉਹ ਵਾਰੀ ਆਪਣੇ ਆਪ ਖਤਮ ਹੋ ਜਾਂਦੀ ਹੈ। ਉਹਨਾਂ ਦੋਸ਼ ਲਗਾਇਆ ਕਿ ‘ਲਗਾਤਾਰ ਬਿਜਲੀ’ ਤਾਂ ਦੂਰ ਦੀ ਗੱਲ, ਪਾਵਰ ਕੱਟਾਂ ਦੇ ਨਾਂ ‘ਤੇ ਬਿਜਲੀ ਗਾਇਬ ਰੱਖੀ ਜਾ ਰਹੀ ਹੈ ਜਾਂ ਫਿਰ 8 ਘੰਟੇ ਦੇਣ ਦੀ ਬਜਾਏ 1-2 ਘੰਟੇ ਬਿਜਲੀ ਸਪਲਾਈ ਦੇ ਕੇ ਬੰਦ ਕਰ ਦਿੱਤਾ ਜਾਂਦਾ। ਵਾਰ-ਵਾਰ ਲੱਗ ਰਹੇ ਕੱਟਾਂ ਕਾਰਨ ਮੋਟਰਾਂ ਚੱਲਦੇ ਹੀ ਬੰਦ ਹੋ ਜਾਂਦੀਆਂ ਹਨ। ਜਿਸ ਨਾਲ ਖੇਤਾਂ ਵਿਚ ਪਾਣੀ ਸੁੱਕ ਰਿਹਾ ਹੈ ਅਤੇ ਝੋਨਾ ਲਾਉਣ ਆਈ ਲੇਬਰ ਬਿਨਾਂ ਝੋਨਾ ਲਾਏ ਵਾਪਸ ਮੁੜ ਜਾਂਦੀ ਹੈ। ਉਹਨਾਂ ਦੱਸਿਆ ਕਿ ਝੋਨੇ ਦੀ ਫਸਲ ਨੂੰ ਸ਼ੁਰੂਆਤੀ ਦਿਨਾਂ ਵਿਚ ਭਰਪੂਰ ਪਾਣੀ ਦੀ ਲੋੜ ਹੁੰਦੀ ਹੈ, ਪਰ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲਗਾਇਆ ਹੋਇਆ ਝੋਨਾ ਸੁੱਕਣ ਕਿਨਾਰੇ ਪਹੁੰਚ ਗਿਆ ਹੈ ਅਤੇ ਨਵਾਂ ਕੱਦੂ ਨਹੀਂ ਬਣ ਰਿਹਾ। ਜਿਸ ਨਾਲ ਕਿਸਾਨਾਂ ਦੀ ਲਾਗਤ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਜਦੋਂ ਵੀ ਪਾਵਰਕਾਮ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ, ਤਾਂ ਅੱਗੋਂ “ਓਵਰਲੋਡਿੰਗ”, “ਟਰਾਂਸਫਾਰਮਰ ਖਰਾਬ” ਜਾਂ “ਤਕਨੀਕੀ ਨੁਕਸ” ਵਰਗੇ ਬਹਾਨੇ ਬਣਾ ਕੇ ਪੱਲਾ ਝਾੜ ਲਿਆ ਜਾਂਦਾ ਹੈ। ਜਦ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਪਰ ਹੁਣ ਹਾਲਾਤ ਇਹ ਹਨ ਕਿ ਸਾਨੂੰ ਆਪਣੀ ਫਸਲ ਬਚਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜੈਨਰੇਟਰਾਂ ਅਤੇ ਇੰਜਣਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸਰਕਾਰ ਦੇ ਦਾਅਵੇ ਸਿਰਫ਼ ਅਖ਼ਬਾਰਾਂ ਅਤੇ ਇਸ਼ਤਿਹਾਰਾਂ ਤੱਕ ਹੀ ਸੀਮਤ ਹਨ।