ਫ਼ਿਰੋਜ਼ਪੁਰ,4 ਜੁਲਾਈ (ਕੁਲਬੀਰ ਸਿੰਘ ਸੋਢੀ)-ਮਰੀਜ਼ਾਂ ਦੀ ਨਿਰੰਤਰ ਸੇਵਾ ਅਤੇ ਸਿਹਤ ਖੇਤਰ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੇ ਡਾਕਟਰਾਂ ਦੇ ਸਨਮਾਨ ਲਈ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਵਿਸ਼ੇਸ਼ ਡਾਕਟਰਜ਼ ਐਪਰੀਸੀਏਸ਼ਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਸਪਤਾਲ ਦੇ ਡਾਕਟਰਾਂ ਦੇ ਆਪਣੇ ਪੇਸ਼ੇ ਨੂੰ ਸਮਰਪਣ ਅਤੇ ਮਨੁੱਖਤਾ ਭਰੀ ਸੇਵਾ ਨੂੰ ਸਲਾਮ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਦੇ ਨਿੱਘੇ ਸਵਾਗਤ ਨਾਲ ਹੋਈ, ਜਿਨ੍ਹਾਂ ਨੂੰ ਵਿਸ਼ੇਸ਼ ਥੀਮ ਵਾਲੇ ਫ਼ੋਟੋ ਬੂਥ ’ਤੇ ਸਨਮਾਨਿਤ ਕੀਤਾ ਗਿਆ ਅਤੇ ‘‘ਥੈਂਕ ਯੂ’’ ਬੈਜ ਲਗਾ ਕੇ ਸੇਵਾਵਾਂ ਪ੍ਰਤੀ ਧੰਨਵਾਦ ਪ੍ਰਗਟਾਇਆ ਗਿਆ। ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਦੇ ਫੈਸਿਲਿਟੀ ਡਾਇਰੈਕਟਰ ਡਾ.ਅਭਿਸ਼ੇਕ ਅਰੋੜਾ ਨੇ ਕਿਹਾ ਕਿ ਡਾਕਟਰ ਹਸਪਤਾਲ ਦੀ ਅਸਲ ਤਾਕਤ ਹਨ ਅਤੇ ਇਹ ਸਮਾਗਮ ਉਨ੍ਹਾਂ ਪ੍ਰਤੀ ਸਤਿਕਾਰ ਅਤੇ ਸ਼ੁਕਰਾਨਾ ਪ੍ਰਗਟ ਕਰਨ ਦਾ ਇਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਕਿਹਾ ਕਿ ਡਾਕਟਰ ਹਰ ਰੋਜ਼ ਆਪਣੀ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਅਣਗਿਣਤ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ। ਇਸ ਦੌਰਾਨ ਡਾਕਟਰਾਂ ਲਈ ਡੰਬ ਸ਼ਰਾਡਜ਼, ਕੱਪ ਸਟੈਕਿੰਗ ਅਤੇ ਚਾਈਨੀਜ਼ ਵਿਸਪਰਜ਼ ਵਰਗੀਆਂ ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਅਤੇ ਡਾਕਟਰਾਂ ਨੇ ਆਪਣੇ ਪੇਸ਼ੇ ਨਾਲ ਜੁੜੇ ਦਿਲਚਸਪ ਤਜਰਬੇ ਵੀ ਸਾਂਝੇ ਕੀਤੇ, ਜਿਸ ਨਾਲ ਸਮਾਗਮ ਦਾ ਮਾਹੌਲ ਖ਼ੁਸ਼ਗਵਾਰ ਬਣ ਗਿਆ। ਸਮਾਗਮ ਦਾ ਮੁੱਖ ਆਕਰਸ਼ਨ ਐਵਾਰਡ ਵੰਡ ਸਮਾਰੋਹ ਰਿਹਾ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਡਾ. ਅਭਿਸ਼ੇਕ ਅਰੋੜਾ ਨੇ ਸਾਰੇ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਸਪਤਾਲ ਭਵਿੱਖ ਵਿਚ ਵੀ ਆਧੁਨਿਕ ਤਕਨੀਕ, ਉੱਚ ਪੱਧਰੀ ਸਹੂਲਤਾਂ ਅਤੇ ਵਧੀਆ ਕਾਰਜ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਰਹੇਗਾ। ਅਮਨਦੀਪ ਗਰੁੱਪ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਾਲ 1990 ਵਿਚ ਸਿਰਫ਼ ਪੰਜ ਬੈੱਡਾਂ ਨਾਲ ਸ਼ੁਰੂ ਹੋਇਆ ਅਮਨਦੀਪ ਹਸਪਤਾਲ ਅੱਜ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਇਕ ਮਜ਼ਬੂਤ ਹੈੱਲਥਕੇਅਰ ਨੈੱਟਵਰਕ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਮਾਹਰਤਾ, ਹਮਦਰਦੀ ਅਤੇ ਸਮਰਪਣ ਹੀ ਇਸ ਸੰਸਥਾ ਦੀ ਅਸਲ ਪਛਾਣ ਹੈ।