ਜ਼ੀਰਾ,13 ਜੁਲਾਈ (ਰਜਨੀਸ਼ ਕਥੂਰੀਆ)- ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਨਗਰ ਕੌਂਸਲ ਜ਼ੀਰਾ ਦੇ ਚੁਣੇ ਗਏ ਪ੍ਰਧਾਨ ਧਰਮ ਪਾਲ ਚੁੱਘ, ਸੀਨੀਅਰ ਮੀਤ ਪ੍ਰਧਾਨ ਮੈਡਮ ਕੁਲਦੀਪ ਕੌਰ ਅਤੇ ਮੀਤ ਪ੍ਰਧਾਨ ਰਾਜੀਵ ਸ਼ਰਮਾ ਨੇ ਆਪਣੇ ਆਪਣੇ ਅਹੁਦਿਆਂ ਦਾ ਚਾਰਜ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਨਗਰ ਕੌਂਸਲ ਦਫਤਰ ਜ਼ੀਰਾ ਵਿਖੇ ਰੱਖੇ ਗਏ ਇਕ ਗੈਰ ਰਸਮੀ ਸਮਾਗਮ ਦੇ ਦੌਰਾਨ ਚੁਣੇ ਗਏ ਇਨ੍ਹਾਂ ਅਹੁਦੇਦਾਰਾਂ ਨੂੰ ਕੁਰਸੀਆਂ ’ਤੇ ਬਿਠਾ ਕੇ ਚਾਰਜ ਦੇਣ ਦੀ ਰਸਮ ਅਦਾ ਕੀਤੀ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਪ੍ਰਧਾਨ ਧਰਮ ਪਾਲ ਚੁੱਘ, ਸੀਨੀਅਰ ਮੀਤ ਪ੍ਰਧਾਨ ਮੈਡਮ ਕੁਲਦੀਪ ਕੌਰ ਅਤੇ ਮੀਤ ਪ੍ਰਧਾਨ ਰਾਜੀਵ ਸ਼ਰਮਾ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਧਰਮ ਪਾਲ ਚੁੱਘ ਨੇ ਕਿਹਾ ਕਿ ਪਹਿਲਾਂ ਸ਼ਹਿਰ ਵਾਸੀਆਂ ਨੇ ਸਭ ਤੋਂ ਵੱਡੀ ਲੀਡ ਦਿਵਾ ਕੇ ਅਤੇ ਉਸ ਤੋਂ ਬਾਅਦ ਵਿਧਾਇਕ ਨਰੇਸ਼ ਕਟਾਰੀਆ ਨੇ ਮੈਨੂੰ ਨਗਰ ਕੌਂਸਲ ਜ਼ੀਰਾ ਦਾ ਪ੍ਰਧਾਨ ਬਣਾ ਕੇ ਮੇਰੇ ’ਤੇ ਜੋ ਭਰੋਸਾ ਜਤਾਇਆ ਹੈ, ਉਸ ’ਤੇ ਖਰਾ ਉਤਰਨ ਦੀ ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਅਧੂਰੇ ਪਏ ਵਿਕਾਸ ਦੇ ਕੰਮ ਨੇਪਰੇ ਚਾੜੇ ਜਾਣਗੇ। ਇਸ ਮੌਕੇ ਤੇ ਉਹਨਾਂ ਦੇ ਨਾਲ ਕਰਨਜੀਤ ਸਿੰਘ ਸੰਧੂ, ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ, ਅਮਨਦੀਪ ਸਿੰਘ ਦਰਗਨ, ਮਨਿੰਦਰ ਸਿੰਘ, ਏ.ਐਮ.ਈ.ਸੁਨੀਲ ਸਿਆਲ ਅਤੇ ਕੌਂਟਰੈਕਟਰ ਸੰਦੀਪ ਕਾਲੜਾ ਆਦਿ ਹਾਜ਼ਰ ਸਨ।