ਫਿਰੋਜ਼ਪੁਰ,24 ਜੁਲਾਈ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਨੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮ ਕੋਲੋਂ ਖੋਹੇ ਅਤੇ ਚੋਰੀ ਕੀਤੇ ਮੋਬਾਈਲ ਫੋਨਾਂ ਦੀ ਬਰਾਮਦਗੀ ਲਈ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਰੇਡ ਕੀਤੀ।ਸਿਟੀ ਥਾਣਾ ਦੇ ਐਸ.ਐਚ.ਓ ਸੁਖਚੈਨ ਮਹਿਤਾ ਨੇ ਦੱਸਿਆ ਕਿ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਵੀ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਆਸਲ, ਫਿਰੋਜ਼ਪੁਰ, ਜੋ ਰਾਹਗੀਰਾਂ ਤੋਂ ਝਪਟਮਾਰੀ ਕਰਕੇ ਮੋਬਾਈਲ ਖੋਹਣ ਦਾ ਆਦੀ ਹੈ। 21 ਜੁਲਾਈ ਨੂੰ ਮਨਜੀਤ ਪੈਲੇਸ ਸਾਹਮਣੇ ਇਕ ਸਕੂਟਰ ਸਵਾਰ ਲੜਕੀ ਤੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਿਆ ਸੀ। ਮੁਖਬਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਕਤ ਵਿਅਕਤੀ ਦਾਣਾ ਮੰਡੀ ਗੇਟ ਨੰਬਰ-2, ਆਸਲ ਰੋਡ, ਫਿਰੋਜ਼ਪੁਰ ਸ਼ਹਿਰ ਨੇੜੇ ਮੋਟਰਸਾਈਕਲ ‘ਤੇ ਖੜ੍ਹਾ ਚੋਰੀ ਅਤੇ ਖੋਹੇ ਹੋਏ ਮੋਬਾਈਲ ਫੋਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਤੁਰੰਤ ਛਾਪਾਮਾਰੀ ਕਰਕੇ ਮੁਲਜ਼ਮ ਨੂੰ 6 ਮੋਬਾਇਲ ਫੋਨ ਅਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਐੱਸ.ਐਚ.ਓ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਖੋਹੇ ਅਤੇ ਚੋਰੀ ਕੀਤੇ 6 ਮੋਬਾਈਲ ਫੋਨਾਂ ਦੀ ਬਰਾਮਦਗੀ ਕੀਤੀ ਗਈ ਹੈ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਤੇ ਸਿਟੀ ਥਾਣਾ ਫਿਰੋਜ਼ਪੁਰ ਵਿਚ 304 ਬੀ.ਐਨ. ਐਸ.ਤਹਿਤ ਮੁਕਦਮਾ ਦਰਜ ਕੀਤਾ। ਪੁਲਿਸ ਵਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸ ਤੋਂ ਹੋਰ ਵਾਰਦਾਤਾਂ ਅਤੇ ਸਾਥੀਆਂ ਬਾਰੇ ਵੀ ਅਹਿਮ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।