ਫ਼ਾਜ਼ਿਲਕਾ, 24 ਜੁਲਾਈ (ਦਵਿੰਦਰ ਪਾਲ ਸਿੰਘ)-108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਆਊਟ ਸੋਰਸ ’ਤੇ ਇਕ ਪ੍ਰਾਈਵੇਟ ਕੰਪਨੀ ਅਧੀਨ ਘੱਟ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਨਿਯਮਾਂ ਮੁਤਾਬਿਕ 8 ਘੰਟੇ ਦੀ ਡਿਊਟੀ ਦੀ ਥਾਂ ਉਨ੍ਹਾਂ ਤੋਂ ਜ਼ਬਰਦਸਤੀ 12-12 ਘੰਟੇ ਕੰਮ ਲਿਆ ਜਾ ਰਿਹਾ ਹੈ ਅਤੇ ਵਾਧੂ 4 ਘੰਟਿਆਂ ਦਾ ਕੋਈ ਓਵਰਟਾਈਮ ਵੀ ਨਹੀਂ ਦਿੱਤਾ ਜਾ ਰਿਹਾ। ਯੂਨੀਅਨ ਆਗੂਆਂ ਪੰਜਾਬ ਪ੍ਰਧਾਨ ਜਸਦੀਪ ਸਿੰਘ, ਪੰਜਾਬ ਵਾਈਸ ਪ੍ਰਧਾਨ ਅਰਵਿੰਦਰ ਚੌਹਾਨ, ਜਨਰਲ ਸਕੱਤਰ ਰਾਕੇਸ਼ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਜਨਵਰੀ 2023 ਵਿਚ ਸਿਹਤ ਮੰਤਰੀ ਡਾ.ਬਲਬੀਰ ਸਿੰਘ ਵਲੋਂ ਤਨਖ਼ਾਹ ਵਿਚ 5000 ਰੁਪਏ ਦੇ ਵਾਧੇ ਦਾ ਵਾਅਦਾ ਕੀਤਾ ਗਿਆ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਸਰਕਾਰ ਵਲੋਂ ਆਊਟਸੋਰਸਿੰਗ ਖ਼ਤਮ ਕਰਕੇ ਵਿਭਾਗ ਅਧੀਨ ਲਿਆਉਣ ਦੇ ਦਿੱਤੇ ਭਰੋਸੇ ਵੀ ਸਿਰਫ਼ ਲਾਰੇ ਹੀ ਸਾਬਤ ਹੋਏ ਹਨ। ਇਸ ਦੇ ਰੋਸ ਵਜੋਂ ਸਮੂਹ 108 ਐਂਬੂਲੈਂਸ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਸੋਮਵਾਰ 27 ਜੁਲਾਈ 2026 ਨੂੰ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਯੂਨੀਅਨ ਨੇ ਸਪਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕੀਤੀ ਗਈ ਜਾਂ ਸਰਕਾਰ ਨੇ ਪੈਨਲ ਮੀਟਿੰਗ ਕਰਕੇ ਮੰਗਾਂ ਨਾ ਮੰਨੀਆਂ, ਤਾਂ ਤੁਰੰਤ ਪ੍ਰਭਾਵ ਨਾਲ ਪੂਰੇ ਪੰਜਾਬ ਵਿਚ ਐਂਬੂਲੈਂਸ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਹਰਿਆਣਾ ਦੀ ਤਰਜ਼ ’ਤੇ 35 ਤੋਂ 40 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ, 4 ਘੰਟੇ ਵਾਧੂ ਡਿਊਟੀ ਦਾ ਓਵਰਟਾਈਮ ਦਿੱਤਾ ਜਾਵੇ, ਮੁਲਾਜ਼ਮਾਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਸਿਹਤ ਵਿਭਾਗ ਅਧੀਨ ਲਿਆ ਜਾਵੇ, ਜਨਵਰੀ 2023 ਦੀ ਬਕਾਇਆ ਤਨਖ਼ਾਹ ਵਾਧਾ ਤੁਰੰਤ ਬਹਾਲ ਕੀਤਾ ਜਾਵੇ।