ਮੱਖੂ, 28 ਜੁਲਾਈ (ਵਰਿੰਦਰ ਮਨਚੰਦਾ, ਕੁਲਵਿੰਦਰ ਸਿੰਘ ਸੰਧੂ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੀਤੇ ਦਿਨੀਂ ਚੱਲਿਆ ਹੋਇਆ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਪੜਾਅ ਦਰ ਪੜਾਅ ਹੁੰਦਾ ਹੋਇਆ ਪਿੰਡ ਪੀਰ ਮੁਹੰਮਦ ਵਿਖੇ ਪਹੁੰਚਿਆ, ਜਿੱਥੇ ਸੰਗਤਾਂ ਵਲੋਂ ਮਾਰਚ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ, ਉਨ੍ਹਾਂ ਦੇ ਪਿਤਾ ਜਥੇਦਾਰ ਗੁਰਚਰਨ ਸਿੰਘ ਪੀਰ ਮੁਹੰਮਦ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਰਪ੍ਰੀਤ ਸਿੰਘ ਹੀਰੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜ਼ੀਰਾ ਦੇ ਮੈਂਬਰ ਜਥੇਦਾਰ ਗੁਰਮੀਤ ਸਿੰਘ ਬੂਹ, ਜਥੇਦਾਰ ਮਹਿੰਦਰ ਸਿੰਘ ਲਹਿਰਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ, ਪ੍ਰਗਟ ਸਿੰਘ ਲਹਿਰਾ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ, ਹਰਪਿੰਦਰ ਸਿੰਘ ਸੰਧੂ, ਸਰਪੰਚ ਹਰਜਿੰਦਰ ਸਿੰਘ ਔਜਲਾ (ਪਿੰਡ ਪੀਰ ਮੁਹੰਮਦ), ਗੁਰਬਖ਼ਸ਼ ਸਿੰਘ ਸੇਖੋਂ, ਜਰਨੈਲ ਸਿੰਘ ਸੰਧੂ ਅਤੇ ਸਮੂਹ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਪੀਰ ਮੁਹੰਮਦ ਸਮੇਤ ਅਨੇਕਾਂ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਫੈੱਡਰੇਸ਼ਨ ਗਰੇਵਾਲ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪਹੁੰਚ ਰਹੀਆਂ ਸਮੂਹ ਪੰਥਕ ਸ਼ਖ਼ਸੀਅਤਾਂ ਦਾ ਵੀ ਪੂਰਨ ਸਤਿਕਾਰ ਸਹਿਤ ਧੰਨਵਾਦ ਅਤੇ ਸਵਾਗਤ ਕੀਤਾ ਗਿਆ। ਕਰਨੈਲ ਸਿੰਘ ਪੀਰ ਮੁਹੰਮਦ ਦੇ ਗ੍ਰਹਿ ਵਿਖੇ ਪਹੁੰਚ ਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਦੇ ਮਾਤਾ ਪਾਲ ਕੌਰ ਦੀ ਜਲਦ ਸਿਹਤਯਾਬੀ ਲਈ ਗੁਰੂ ਚਰਨਾਂ ਵਿਚ ਅਰਦਾਸ ਕੀਤੀ। ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ । ਇਸ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੇ ਸਾਜੇ-ਨਿਵਾਜੇ ਤਖ਼ਤ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਅਤੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਇਹ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਅੰਮ੍ਰਿਤਸਰ ਸਾਹਿਬ ਤੋਂ ਆਰੰਭ ਹੋ ਕੇ ਮੱਖੂ, ਲਹਿਰਾ ਬੇਟ, ਪੀਰ ਮੁਹੰਮਦ ਅਤੇ ਸ਼ਾਹ ਅਬੂ ਬਕਰ (ਕੋਟ ਈਸੇ ਖਾਂ) ਤੋਂ ਹੁੰਦਾ ਹੋਇਆ ਅੱਗੇ ਧਰਮਕੋਟ, ਮੋਗਾ, ਤਖ਼ਤੂਪੁਰਾ, ਸ਼੍ਰੀ ਮੁਕਤਸਰ ਸਾਹਿਬ ਅਤੇ ਅੰਤ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਸਿੱਖ ਸੰਗਤਾਂ ਨੂੰ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣਨ ਦੀ ਪੇ੍ਰਰਨਾ ਦਿੰਦਿਆਂ ਕਿਹਾ ਕਿ ‘ਪੀਵਹੁ ਪਾਹੁਲ ਖੰਡੇ ਧਾਰ ਹੋਇ ਜਨਮੁ ਸੁਹੇਲਾ’ ਕਿ ਅੰਮ੍ਰਿਤ ਛੱਕ ਕੇ, ਨਸ਼ਿਆਂ ਦਾ ਪੂਰਨ ਤਿਆਗ ਕਰਕੇ ਪੰਥ ਦੀ ਆਵਾਜ਼ ਬਣਨ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।