ਫ਼ਿਰੋਜ਼ਪੁਰ, 28 ਜੁਲਾਈ (ਗੁਰਿੰਦਰ ਸਿੰਘ)-ਟਰਾਂਸਪੋਰਟ ਦਫ਼ਤਰਾਂ ’ਚ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਮਾਮਲੇ ’ਚ ਵਿਜੀਲੈਂਸ ਬਿਊਰੋ ਮੁਹਾਲੀ ਵਲੋਂ ਬਠਿੰਡਾ ’ਚ ਟਰਾਂਸਪੋਰਟ ਅਧਿਕਾਰੀ ਦੇ ਨਾਂਅ ’ਤੇ ਰਿਸ਼ਵਤ ਲੈਂਦੇ ਇਕ ਪ੍ਰਾਈਵੇਟ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰਨ ਤੋਂ ਬਾਅਦ ਹੁਣ ਇਸ ਮਾਮਲੇ ਦੀ ਜਾਂਚ ਦੇ ਤਾਰ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਦਫ਼ਤਰ, ਫ਼ਿਰੋਜ਼ਪੁਰ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਮੁਹਾਲੀ ਵਲੋਂ ਬਠਿੰਡਾ ਵਿਚ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਬਾਜ਼ ਕੁਮਾਰ ਦੀ ਹਿਰਾਸਤੀ ਪੁੱਛਗਿੱਛ ਦੌਰਾਨ ਮਿਲੇ ਇਨਪੁੱਟ ਦੇ ਆਧਾਰ ’ਤੇ ਫ਼ਿਰੋਜ਼ਪੁਰ ਆਰਟੀਏ ਦਫ਼ਤਰ ਵਿਚ ਤਾਇਨਾਤ ਇਕ ਡਾਟਾ ਐਂਟਰੀ ਆਪ੍ਰੇਟਰ ਨੂੰ ਹਿਰਾਸਤ ਵਿਚ ਲਿਆ ਹੈ। ਸੂਤਰਾਂ ਮੁਤਾਬਿਕ ਉਕਤ ਡਾਟਾ ਐਂਟਰੀ ਆਪ੍ਰੇਟਰ ਪਹਿਲਾਂ ਆਰਟੀਏ ਦਫ਼ਤਰ ਵਿਚ ਤਾਇਨਾਤ ਇਕ ਕਲਰਕ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦਾ ਰਿਹਾ ਸੀ, ਬਾਅਦ ਵਿਚ ਉਹ ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ ਰਾਹੀਂ ਡਾਟਾ ਐਂਟਰੀ ਆਪ੍ਰੇਟਰ ਵਜੋਂ ਨਿਯੁਕਤ ਹੋਇਆ ਅਤੇ ਮੌਜੂਦਾ ਸਮੇਂ ਆਰਟੀਏ ਫ਼ਿਰੋਜ਼ਪੁਰ ਨਾਲ ਸੰਬੰਧਤ ਦਫ਼ਤਰੀ ਕੰਮਕਾਜ ਨਾਲ ਜੁੜਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 21 ਜੁਲਾਈ ਨੂੰ ਬਠਿੰਡਾ ਵਿਚ ਬਾਜ਼ ਕੁਮਾਰ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਮਾਮਲੇ ਦੇ ਸ਼ਿਕਾਇਤਕਰਤਾ ਹਰਭਿੰਦਰ ਸਿੰਘ ਨੇ ਆਪਣੇ ਦੋਸ਼ਾਂ ਵਿਚ ਇਹ ਵੀ ਕਿਹਾ ਸੀ ਕਿ ਉਕਤ ਵਿਅਕਤੀ ਫ਼ਿਰੋਜ਼ਪੁਰ ਆਰਟੀਏ ਨਾਲ ਸਬੰਧਤ ਕੰਮਾਂ ਲਈ ਰਿਸ਼ਵਤ ਦੀ ਮੰਗ ਕਰਦਾ ਸੀ। ਫ਼ਿਰੋਜ਼ਪੁਰ ਆਰਟੀਏ ਦਫ਼ਤਰ ਦੇ ਡਾਟਾ ਐਂਟਰੀ ਓਪਰੇਟਰ ਨੂੰ ਵਿਜੀਲੈਂਸ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਸਥਾਨਕ ਦਫ਼ਤਰਾਂ ਨਾਲ ਵਿਚ ਚਰਚਾਵਾਂ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਇਸ ਮਾਮਲੇ ਵਿਚ ਸੰਬੰਧਤ ਅਧਿਕਾਰੀਆਂ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਵਿਜੀਲੈਂਸ ਬਿਊਰੋ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੇ ਦਿਨਾਂ ਵਿਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।