ਫ਼ਿਰੋਜ਼ਪੁਰ, 28 ਜੁਲਾਈ (ਗੁਰਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫ਼ੇਮੇ ਕੀ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਸਿਵਲ ਸਰਜਨ ਦਫ਼ਤਰ ਤੋਂ ਡਾਕਟਰ ਅਤੇ ਮਾਸ ਮੀਡੀਆ ਟੀਮ ਵਲੋਂ ਜਾਗਰੂਕ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡਾ. ਮਨਮੀਤ ਸਿੰਘ ਮੈਡੀਕਲ ਅਫ਼ਸਰ ਨੇ ਕਿਹਾ ਕਿ ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ, ਇਹ ਬਿਮਾਰੀ ਬਹੁਤ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ। ਪੰਜਾਬ ਸਰਕਾਰ ਵਲੋਂ ਹੈਪੇਟਾਈਟਸ ਬੀ ਅਤੇ ਸੀ ਦਾ ਇਲਾਜ਼ ਪੰਜਾਬ ਦੇ 22 ਸਰਕਾਰੀ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 2 ਸਬ-ਡਵੀਜ਼ਨਲ ਹਸਪਤਾਲਾਂ, 13 ਏ.ਆਰ.ਟੀ. ਸੈਂਟਰਾਂ ਅਤੇ 11 ਓ.ਐਸ.ਟੀ. ਸੈਂਟਰਾਂ ’ਤੇ ਉਪਲਬਧ ਹੈ। ਹੈਪੇਟਾਈਟਸ ਸੀ ਦੇ ਸਾਰੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਸੰਜੀਵ ਸ਼ਰਮਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਹੈਪੇਟਾਈਟਸ ਚਾਰ ਪ੍ਰਕਾਰ ਦਾ ( ਏ, ਬੀ, ਸੀ ਅਤੇ ਈ ) ਹੁੰਦਾ ਹੈ। ਹੈਪੇਟਾਈਟਸ ਏ ਅਤੇ ਈ ਦੂਸ਼ਤ ਪਾਣੀ ਪੀਣ ਨਾਲ, ਮੱਖੀਆਂ ਦੁਆਰਾ ਕੀਤਾ ਦੂਸ਼ਤ ਭੋਜਨ ਖਾਣ ਨਾਲ ਅਤੇ ਹੱਥ ਧੋਤੇ ਬਿਨਾਂ ਗੰਦੇ ਹੱਥਾਂ ਨਾਲ ਖਾਣਾ ਖਾਣ ਨਾਲ ਹੁੰਦਾ ਹੈ। ਇਸ ਨਾਲ ਹੋਈ ਬਿਮਾਰੀ ਦੇ ਲੱਛਣ ਹਲਕਾ ਬੁਖ਼ਾਰ ਅਤੇ ਮਾਸਪੇਸ਼ੀਆਂ ਵਿਚ ਦਰਦ ਹੋਣਾ, ਭੁੱਖ ਨਾ ਲੱਗਣਾ, ਉਲਟੀਆਂ ਆਉਣੀਆਂ, ਕਮਜ਼ੋਰੀ ਮਹਿਸੂਸ ਕਰਨਾ, ਜਿਗਰ ਖ਼ਰਾਬ ਹੋਣਾ ਅਤੇ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋਣਾ ਹਨ। ਹੈਪੇਟਾਈਟਸ ਬੀ ਅਤੇ ਸੀ (ਕਾਲਾ ਪੀਲੀਆ) ਫੈਲਣ ਦਾ ਕਾਰਨ ਨਸ਼ਿਆਂ ਦੇ ਟੀਕਿਆਂ ਦਾ ਸਾਂਝਾ ਇਸਤੇਮਾਲ ਕਰਨਾ, ਦੂਸ਼ਿਤ ਖ਼ੂਨ ਚੜ੍ਹਾਉਣ ਨਾਲ, ਸ਼ਰੀਰ ਉੱਤੇ ਟੈਟੂ ਬਣਵਾਉਣ ਨਾਲ, ਲੰਬੇ ਸਮੇਂ ਤੱਕ ਗੁਰਦਿਆਂ ਦਾ ਡਾਇਲੈਸਿਸ ਹੋਣਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਡਾਕਟਰੀ ਜਾਂਚ ਕਰਵਾਉਣ ਦੇ ਨਾਲ-ਨਾਲ ਲੋੜ ਪੈਣ ’ਤੇ ਸਰਕਾਰੀ ਬਲੱਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਖ਼ੂਨ ਵਰਤੋਂ ’ਚ ਲਿਆਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤਿੰਦਰਜੀਤ ਕੌਰ, ਸੁਰੇਸ਼ ਕੁਮਾਰ, ਰਿਤੂ ਮੈਡਮ, ਦੀਪ ਸਿੰਘ ਮਲਟੀ ਪਰਪਸ ਹੈਲਥ ਵਰਕਰ ਮੇਲ ਹਾਜ਼ਰ ਸਨ।