ਫ਼ਿਰੋਜ਼ਪੁਰ, 28 ਜੁਲਾਈ (ਕੁਲਬੀਰ ਸਿੰਘ ਸੋਢੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜਥੇਬੰਦੀ ਵਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ ਤਹਿਤ 12 ਅਗਸਤ ਨੂੰ ਕੈਬਨਿਟ ਮੰਤਰੀ ਦੇ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿਚ ਆਂਗਣਵਾੜੀ ਵਰਕਰ ਅਤੇ ਹੈਲਪਰ ਵੱਡੀ ਗਿਣਤੀ ਵਿਚ ਭਾਗ ਲੈਣਗੀਆਂ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ੀਲਾ ਰਾਣੀ ਨੇ ਆਂਗਣਵਾੜੀ ਵਰਕਰ ਹੈਲਪਰਾਂ ਦੀਆਂ ਮੰਗਾ ਬਾਰੇ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਦੇ ਵਿਚੋਂ ਖੋਹੇ ਗਏ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ਵਿਚ ਭੇਜੇ ਜਾਣ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਅਧਿਆਪਕ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰ ਨੂੰ ਚੌਥੇ ਦਰਜੇ ਦਾ ਮੁਲਾਜ਼ਮ ਕਰਾਰ ਦਿੱਤਾ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ, ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਿਕ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕਰੇ, ਐੱਨ.ਜੀ.ਓ ਕੋਲ ਚੱਲਦੇ ਤਿੰਨ ਬਲਾਕਾਂ ਦਾ ਨੋਟੀਫ਼ਿਕੇਸ਼ਨ ਤੁਰੰਤ ਲਾਗੂ ਕੀਤਾ ਜਾਵੇ, ਆਂਗਣਵਾੜੀ ਕੇਂਦਰਾਂ ਵਿਚ ਆ ਰਿਹਾ ਘਟੀਆ ਕਿਸਮ ਦਾ ਰਾਸ਼ਨ ਬੰਦ ਕਰਕੇ ਪ੍ਰਾਈਵੇਟ ਕੰਪਨੀਆਂ ਅਤੇ ਐੱਨ.ਜੀ.ਓ ਦੀ ਜਗ੍ਹਾ ਆਂਗਣਵਾੜੀ ਕੇਂਦਰਾਂ ਦੇ ਵਿਚ ਸਿੱਧਾ ਰਾਸ਼ਨ ਸਪਲਾਈ ਕੀਤਾ ਜਾਵੇ ਅਤੇ ਆਂਗਣਵਾੜੀ ਕੇਂਦਰਾਂ ਦੇ ਵਿਚ ਰਾਸ਼ਨ ਪਕਾਇਆ ਜਾਵੇ।