ਫ਼ਿਰੋਜ਼ਪੁਰ, 29 ਜੁਲਾਈ (ਗੁਰਿੰਦਰ ਸਿੰਘ)-ਦੇਵ ਸਮਾਜ ਸਿੱਖਿਆ ਸੰਸਥਾਵਾਂ, ਫ਼ਿਰੋਜ਼ਪੁਰ ਦੇ ਸਾਂਝੇ ਸਹਿਯੋਗ ਨਾਲ ਦੇਵ ਸਮਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਥਿਤ ‘ਦੇਵ ਸਮਾਜ ਸਾਧਨਾ ਮੰਦਰ’ ਵਿਖੇ ‘ਸੇਵਕ ਉਤਸਵ’ ਦੇ ਮੌਕੇ ਇਕ ਪ੍ਰੇਰਣਾਦਾਇਕ ਸਭਾ ਕਰਵਾਈ ਗਈ। ਇਹ ਸਮਾਗਮ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਵਲੋਂ ਦਰਸਾਏ 16 ਸੰਬੰਧਾਂ ਵਿਚੋਂ ‘ਸੇਵਕ ਉਤਸਵ’ ਨੂੰ ਸਮਰਪਿਤ ਸੀ। ਸਭਾ ਦੀ ਸ਼ੁਰੂਆਤ ਭਗਵਾਨ ਦੇਵ ਆਤਮਾ ਜੀ ਨੂੰ ਫੁੱਲ ਭੇਟ ਕਰਕੇ ਅਤੇ ਭਜਨਾਂ ਦੇ ਗਾਇਨ ਨਾਲ ਕੀਤੀ ਗਈ। ਇਸ ਮੌਕੇ ਦੇਵ ਸਮਾਜ ਮੈਨੇਜਿੰਗ ਕਮੇਟੀ ਫ਼ਿਰੋਜ਼ਪੁਰ ਦੀ ਮੈਂਬਰ ਅਤੇ ਸਭਾਪਤੀ ਡਾ.ਸੁਨੀਤਾ ਰੰਗਬੁੱਲਾ ਨੇ ਸੰਬੋਧਨ ਕਰਦਿਆਂ ਦੇਵਧਰਮ ਦੇ ਮੂਲ ਸਿਧਾਂਤਾਂ, ਸੇਵਕ ਦੇ ਆਦਰਸ਼ ਜੀਵਨ ਅਤੇ ਸਦਾਚਾਰ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੇਵਧਰਮ ਵਿਚ ਪ੍ਰਵੇਸ਼ ਲਈ ਮਨੁੱਖ ਨੂੰ ਅੱਠ ਪਾਪਾਂ ਨਸ਼ਾ, ਮਾਸਾਹਾਰ, ਜੂਆ, ਚੋਰੀ, ਰਿਸ਼ਵਤ, ਸ਼ਿਕਾਰ, ਅਮਾਨਤ ਵਿਚ ਖ਼ਿਆਨਤ ਅਤੇ ਮਿਥਿਆ ਵਿਚ ਵਿਸ਼ਵਾਸ ਦਾ ਤਿਆਗ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੁਰਾਈਆਂ ਤੋਂ ਮੁਕਤ ਹੋ ਕੇ ਹੀ ਮਨੁੱਖ ਗੁਰੂ ਦੇ ਦੇਵਤੇਜ ਨੂੰ ਗ੍ਰਹਿਣ ਕਰਨ ਅਤੇ ਸੱਚੇ ਸੇਵਕ ਵਜੋਂ ਜੀਵਨ ਬਤੀਤ ਕਰਨ ਦਾ ਅਧਿਕਾਰੀ ਬਣਦਾ ਹੈ। ਡਾ.ਰੰਗਬੁੱਲਾ ਨੇ ਭਗਵਾਨ ਦੇਵ ਆਤਮਾ ਜੀ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਦਰਤ ਹੀ ਸੱਚ ਹੈ ਅਤੇ ਮਨੁੱਖ ਨੂੰ ਆਪਣੇ ਅੰਦਰਲੇ ਦੋਸ਼ਾਂ ਨੂੰ ਦੂਰ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਹਰ ਧਰਮ-ਸੰਬੰਧੀ ਦਾ ਸਤਿਕਾਰ ਕਰਨ, ਘ੍ਰਿਣਾ ਅਤੇ ਬਦਲੇ ਦੀ ਭਾਵਨਾ ਤੋਂ ਦੂਰ ਰਹਿਣ ਅਤੇ ਨਿਮਰਤਾ ਨਾਲ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਦੇਵ ਸਮਾਜ ਮੈਨੇਜਿੰਗ ਕਮੇਟੀ ਦੇ ਮੈਂਬਰ, ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲ, ਅਧਿਆਪਕ, ਗੈਰ-ਅਧਿਆਪਨ ਸਟਾਫ਼ ਅਤੇ ਹੋਰ ਕਰਮਚਾਰੀ ਹਾਜ਼ਰ ਸਨ।