02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਗੰਦਗੀ ਦੇ ਢੇਰਾਂ ਹੇਠ ਦੱਬ ਕੇ ਰਹਿ ਗਏ ਡੀ.ਸੀ ਦੇ ਹਫ਼ਤਾ ਪਹਿਲਾਂ ਜਾਰੀ ਹੁਕਮ

Ad Position 21
No active advertisement
ਅਜੀਤ ਡੈਸਕ 31-07-2026
ਫ਼ਿਰੋਜ਼ਪੁਰ, 30 ਜੁਲਾਈ (ਗੁਰਿੰਦਰ ਸਿੰਘ)-ਪਿਛਲੇ ਕਰੀਬ 22 ਦਿਨਾਂ ਤੋਂ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਫਿਰੋਜ਼ਪੁਰ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰਾਂ ’ਚ ਪੈਦਾ ਹੋਏ ਸਫਾਈ ਸੰਕਟ ਨੂੰ ਦੂਰ ਕਰਨ ਲਈ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵਲੋਂ ਜਾਰੀ ਕੀਤੇ ਗਏ ਹੁਕਮ ਵੀ ਬੇਅਸਰ ਸਾਬਤ ਹੁੰਦੇ ਨਜ਼ਰ ਆ ਰਹੇ ਹਨ। ਹੁਕਮ ਜਾਰੀ ਹੋਣ ਤੋਂ ਕਰੀਬ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਸ਼ਹਿਰ ਦੀ ਸਫਾਈ ਵਿਵਸਥਾ ਵਿਚ ਰਤਾ ਭਰ ਵੀ ਸੁਧਾਰ ਨਜ਼ਰ ਨਹੀਂ ਆਇਆ ਅਤੇ ਹਰ ਪਾਸੇ ਕੂੜੇ ਦੇ ਢੇਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਜਦੋਂ ਕਿ ਕੌਂਸਲ ਅਧਿਕਾਰੀ ਕੰਨ ਤੇ ਅੱਖਾਂ ਬੰਦ ਕਰਕੇ ਕੁੰਭਕਰਨੀ ਨੀਂਦ ਸੁੱਤੇ ਪ੍ਰਤੀਤ ਹੋ ਰਹੇ ਹਨ। ਅੱਜ ਦਾ ਆਲਮ ਇਹ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਮੁੱਖ ਸੜਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਮੁਹੱਲਿਆਂ ’ਚ ਥਾਂ-ਥਾਂ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਹੁਕਮ ਜ਼ਮੀਨੀ ਪੱਧਰ ’ਤੇ ਲਾਗੂ ਹੁੰਦੇ ਦਿਖਾਈ ਨਹੀਂ ਦੇ ਰਹੇ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਨਗਰ ਕੌਂਸਲਾਂ ਨੂੰ ਬਦਲਵੇਂ ਪ੍ਰਬੰਧਾਂ ਰਾਹੀਂ ਤੁਰੰਤ ਸਫਾਈ ਕਰਵਾਉਣ ਅਤੇ ਸਿਹਤ ਵਿਭਾਗ ਨੂੰ ਫੌਗਿੰਗ, ਐਂਟੀ-ਲਾਰਵਾ ਸਪਰੇਅ ਸਮੇਤ ਹੋਰ ਰੋਕਥਾਮੀ ਕਦਮ ਚੁੱਕਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਮੌਜੂਦਾ ਹਾਲਾਤ ਇਹ ਦਰਸਾ ਰਹੇ ਹਨ ਕਿ ਡਿਪਟੀ ਕਮਿਸ਼ਨਰ ਦੇ ਇਹਨਾਂ ਹੁਕਮਾਂ ਦਾ ਕੌਂਸਲ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਹੋਇਆ। ਬਰਸਾਤੀ ਮੌਸਮ ਦੌਰਾਨ ਕੂੜੇ ਦੇ ਢੇਰਾਂ ਅਤੇ ਗੰਦੇ ਪਾਣੀ ਕਾਰਨ ਮੱਛਰਾਂ ਅਤੇ ਹੋਰ ਕੀੜੇ-ਮਕੌੜਿਆਂ ਦੀ ਗਿਣਤੀ ਵਧਣ ਨਾਲ ਡੇਂਗੂ, ਮਲੇਰੀਆ, ਟਾਈਫਾਇਡ ਅਤੇ ਪਾਣੀ ਤੋਂ ਫੈਲਣ ਵਾਲੀਆਂ ਹੋਰ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਰਫ਼ ਹੁਕਮ ਜਾਰੀ ਕਰਨ ਦੀ ਬਜਾਏ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਗੰਦਗੀ ਤੋਂ ਰਾਹਤ ਮਿਲ ਸਕੇ ਅਤੇ ਕਿਸੇ ਵੀ ਸੰਭਾਵਿਤ ਸਿਹਤ ਸੰਕਟ ਨੂੰ ਸਮੇਂ ਸਿਰ ਟਾਲਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮਕੈਨਿਕ ਨੌਜਵਾਨ ਦੀ ਸਾਈਲੈਂਟ ਅਟੈਕ ਕਾਰਨ ਮੌਤ ਅਗਲੀ ਖ਼ਬਰ ਪੰਜਾਬ ਬੰਦ ਦੀ ਕਾਲ ’ਤੇ ਜ਼ਿਲ੍ਹਾ ਰਿਹਾ ਮੁਕੰਮਲ ਬੰਦ
Ad Position 24
No active advertisement