ਨੌਜਵਾਨਾਂ ਨੂੰ ਨਸ਼ੇ ਦੀ ਅੱਗ ’ਚ ਝੋਕਣ ਵਾਲੀ ‘ਆਪ’ ਸਰਕਾਰ ਨੂੰ ਪੰਜਾਬੀ ਮੁਆਫ਼ ਨਹੀਂ ਕਰਨਗੇ: ਭਜਨ ਲਾਲ ਸ਼ਰਮਾ
ਮਮਦੋਦ, 27 ਸਤੰਬਰ( ਰਾਜਿੰਦਰ ਸਿੰਘ ਹਾਂਡਾ/ ਸੁਖਦੇਵ ਸਿੰਘ ਸੰਗਮ)-ਪੰਜਾਬ ਭਾਜਪਾ ਵਲੋਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ’ਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤਹਿਤ ਮਮਦੋਦ ਪਹੁੰਚੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਅਨਾਜ ਮੰਡੀ ਮਮਦੋਟ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਸ਼ਾ ਮੁਕਤ ਭਾਰਤ ਅਤੇ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਦਾ ਸੁਨੇਹਾ ਲੈ ਕੇ ਪੰਜਾਬ ਆਏ ਹਨ। ਇਹ ਲੜਾਈ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੀ ਲੜਾਈ ਹੈ।
ਮਮਦੋਦ, 27 ਸਤੰਬਰ( ਰਾਜਿੰਦਰ ਸਿੰਘ ਹਾਂਡਾ/ ਸੁਖਦੇਵ ਸਿੰਘ ਸੰਗਮ)-ਪੰਜਾਬ ਭਾਜਪਾ ਵਲੋਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ’ਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤਹਿਤ ਮਮਦੋਦ ਪਹੁੰਚੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਅਨਾਜ ਮੰਡੀ ਮਮਦੋਟ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਸ਼ਾ ਮੁਕਤ ਭਾਰਤ ਅਤੇ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਦਾ ਸੁਨੇਹਾ ਲੈ ਕੇ ਪੰਜਾਬ ਆਏ ਹਨ। ਇਹ ਲੜਾਈ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੀ ਲੜਾਈ ਹੈ। ਪੰਜਾਬ ਕਦੇ ਆਪਣੇ ਸੂਰਬੀਰਾਂ, ਕਿਸਾਨਾਂ, ਖਿਡਾਰੀਆਂ, ਕਬੱਡੀ ਅਤੇ ਮਿਹਨਤੀ ਨੌਜਵਾਨਾਂ ਕਰਕੇ ਪੂਰੇ ਦੇਸ਼ ਲਈ ਮਾਣ ਦਾ ਕੇਂਦਰ ਹੁੰਦਾ ਸੀ, ਪਰ ਅੱਜ ਨਸ਼ਿਆਂ ਦੀ ਸਮੱਸਿਆ ਨੇ ਪੰਜਾਬ ਦੇ ਘਰ-ਘਰ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨੂੰ ਨਹੀਂ ਖਾਂਦਾ, ਇਹ ਪੂਰੇ ਪਰਿਵਾਰ, ਪਿੰਡ, ਸਮਾਜ ਅਤੇ ਆਖ਼ਰਕਾਰ ਦੇਸ਼ ਨੂੰ ਅੰਦਰੋਂ ਖੋਖਲਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵਲੋਂ ਨਸ਼ਿਆਂ ਵਿਰੁੱਧ ਤੈਅ ਕੀਤੇ ਰੋਡਮੈਪ ਤਹਿਤ ਪੰਜਾਬ ਵਿਚ ਨਸ਼ੇ ਦੇ ਸਰੋਤਾਂ ਅਤੇ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਨਿਸ਼ਾਨਾ ਬਣਾਉਣਾ ਹੋਵੇਗਾ। ਸਿਰਫ਼ ਨਸ਼ਾ ਕਰਨ ਵਾਲੇ ਨੌਜਵਾਨ ਨੂੰ ਫੜਨਾ ਹੱਲ ਨਹੀਂ ਹੈ; ਨਸ਼ੇ ਦੇ ਸੌਦਾਗਰਾਂ, ਤਸਕਰਾਂ, ਮੁੱਖ ਸਰਗਨਿਆਂ ਅਤੇ ਉਨ੍ਹਾਂ ਦੇ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨਾ ਅਤੇ ਸਪਲਾਈ ਚੇਨ ਤੋੜਨਾ ਸਭ ਤੋਂ ਵੱਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਨਸ਼ੇ ਦੀ ਲਤ ਵਿੱਚ ਫਸੇ ਲੋਕਾਂ ਦਾ ਇਲਾਜ ਅਤੇ ਮੁੜ ਵਸੇਬਾ ਵੀ ਲਾਜ਼ਮੀ ਹੈ। ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਸਿਰਫ਼ ਪੰਜਾਬ ਦਾ ਨਹੀਂ, ਪੂਰੇ ਦੇਸ਼ ਦੇ ਭਵਿੱਖ ਦਾ ਸਵਾਲ ਹੈ। ‘ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ’ ਦੀ ਗਾਰੰਟੀ ਕਿੱਥੇ ਗਈ? ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਤਿੰਨ ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਆਪਣੇ ਹੀ ਵਾਅਦਿਆਂ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ । ਵਾਅਦੇ, ਐਲਾਨ ਅਤੇ ਸਮਾਂ-ਸੀਮਾਵਾਂ ਲਗਾਤਾਰ ਬਦਲਦੀਆਂ ਰਹੀਆਂ, ਪਰ ਪੰਜਾਬ ਦੇ ਲੋਕਾਂ ਦਾ ਦਰਦ ਖ਼ਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਲਈ ਹਰ ਪਰਿਵਾਰ, ਪਿੰਡ ਅਤੇ ਨੌਜਵਾਨ ਨੂੰ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨਸ਼ਾ ਤਸਕਰਾਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਅਤੇ ਨਸ਼ੇ ਦੇ ਪੂਰੇ ਨੈੱਟਵਰਕ ਨੂੰ ਤੋੜਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਦੇਸ਼ ਦੀ ਆਨ, ਸ਼ਾਨ ਅਤੇ ਮਾਣ ਬਣਾਉਣ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣਾ ਸਭ ਤੋਂ ਪਹਿਲੀ ਲੋੜ ਹੈ । ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨਸ਼ੇ ਦਾ ਖ਼ਤਰਾ ਬਹੁਤ ਗੰਭੀਰ ਹੈ। ਜੇਕਰ ਨਸ਼ੇ ਦੀ ਇੱਕ ਖੁਰਾਕ ਇਕ ਨੌਜਵਾਨ ਦੀ ਜਾਨ ਲੈ ਸਕਦੀ ਹੈ, ਤਾਂ ਸੋਚਿਆ ਜਾ ਸਕਦਾ ਹੈ ਕਿ ਪੰਜਾਬ ਵਿਚ ਨਸ਼ੇ ਦੀ ਵਧਦੀ ਪਹੁੰਚ ਕਾਰਨ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਰਵੀ ਕਿਰਨ ਸਿੰਘ ਕਾਹਲੋਂ, ਮਨਜੀਤ ਸਿੰਘ ਰਾਏ ਵਲੋਂ ਵੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਵਿਜੈ ਸ਼ਰਮਾ, ਸੂਰਜ ਭਾਦਵਾਜ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ, ਸੁਰਿੰਦਰ ਸਿੰਘ,ਸੰਦੀਪ ਚਾਵਲਾ , ਸੁਰਜੀਤ ਸਿੰਘ ਸਦਰਦੀਨ , ਅੰਗਰੇਜ਼ ਸਿੰਘ ਵਾਰਵਲ, ਅਸ਼ੋਕ ਸਹਿਗਲ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ , ਭਾਜਪਾ ਵਰਕਰ ਤੇ ਆਮ ਲੋਕ ਹਾਜ਼ਰ ਸਨ ।