ਫੂਡ ਸੇਫ਼ਟੀ ਅਫ਼ਸਰ ਨੂੰ ਮੁਅੱਤਲ ਕਰ ਕੇ ਇਮਾਨਦਾਰੀ ਨਾਲ ਕੰਮ ਕਰਨ ਦਾ ਸਰਕਾਰ ਨੇ ਦਿੱਤਾ ਇਨਾਮ-ਪੀਰ ਮੁਹੰਮਦ
ਮੱਖੂ,5 ਅਕਤੂਬਰ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ ਦੇ ਫੂਡ ਸੇਫ਼ਟੀ ਵਿਭਾਗ ਅਫ਼ਸਰ ਅਭਿਨਵ ਖੋਸਲਾ ਜੋ ਜ਼ਿਲ੍ਹਾ ਫਿਰੋਜ਼ਪੁਰ ਵਿਚ ਵਧੀਆ ਕੰਮ ਕਰ ਰਹੇ ਸਨ ਤੇ ਜ਼ਿਲ੍ਹੇ ਦੇ ਅੰਦਰ ਆਉਣ ਵਾਲੇ ਹਰੇਕ ਸ਼ਹਿਰ ਵਿਚ ਛਾਪੇ ਮਾਰ ਕੇ ਜਿੱਥੇ ਉਨ੍ਹਾਂ ਨੇ ਨਕਲੀ ਪਨੀਰ ਫੜਿਆ, ਮਠਿਆਈਆਂ ਫੜੀਆਂ ਤੇ ਨਕਲੀ ਦੁੱਧ ਤੋਂ ਤਿਆਰ ਹੋਣ ਵਾਲੇ ਕਈ ਨਕਲੀ ਪਦਾਰਥ ਫੜੇ ਜਿਸ ਕਾਰਨ ਸਮਾਜ ਸੇਵੀ ਤੇ ਕਿਸਾਨ ਜਥੇਬੰਦੀਆਂ ਅਤੇ ਸਮਾਜ ਵਿਚ ਵਿਚਰਨ ਵਾਲੀ ਹਰੇਕ ਜਥੇਬੰਦੀ ਨੇ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਪਰ ਸ਼ਾਇਦ ਸਰਕਾਰ ਤੇ ਉਸ ਦੇ ਚਹੇਤਿਆਂ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ ਇਸ ਕਰਕੇ ਜ਼ਿਲ੍ਹਾ ਫੂਡ ਅਫ਼ਸਰ ਅਭਿਨਵ ਖੋਸਲਾ ਨੂੰ ਇਮਾਨਦਾਰੀ ਨਾਲ ਕੰਮ ਕਰਨ ਬਦਲੇ ਮੁਅੱਤਲ ਕਰ ਕੇ ਇਨਾਮ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜ਼ਿਲ੍ਹਾ ਫੂਡ ਅਫ਼ਸਰ ਅਭਿਨਵ ਖੋਸਲਾ ਨੂੰ ਜਲਦ ਤੋਂ ਜਲਦ ਡਿਊਟੀ ’ਤੇ ਵਾਪਸ ਲਾਇਆ ਜਾਵੇ ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।