11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਸਮਾਨੋਂ ਵਰ੍ਹਿਆ ਕਹਿਰ, ਤੜਕਸਾਰ ਚੱਲੇ ਤੇਜ਼ ਝੱਖੜ ਤੇ ਭਾਰੀ ਮੀਂਹ ਨੇ ਕਿਸਾਨਾਂ ਦੇ ਸੁਪਨੇ ਕੀਤੇ ਚਕਨਾਚੂਰ

ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਆਏ ਭਾਰੇ ਤੂਫ਼ਾਨ ਅਤੇ ਵਰਖਾ ਨੇ ਸਾਉਣੀ ਦੀ ਪੱਕੀ ਪਕਾਈ ਖੜ੍ਹੀ ਝੋਨੇ ਦੀ ਮੁੱਖ ਫ਼ਸਲ ਜਿੱਥੇ ਖੇਤਾਂ ਵਿਚ ਧਰਤੀ ’ਤੇ ਵਿਛਾ ਦਿੱਤੀ ਉੱਥੇ ਹੀ ਵਿਕਣ ਲਈ ਮੰਡੀਆਂ ਵਿਚ ਆਇਆ ਝੋਨਾ ਪਾਣੀ ਵਿਚ ਵਹਿ ਗਿਆ। ਵੱਖ-ਵੱਖ ਪਿੰਡਾਂ ਕਰਨੀ ਖੇੜਾ, ਅਭੁੰਨ, ਬੰਨਵਾਲਾ, ਰਾਮਪੁਰਾ, ਕੌੜਿਆਂ ਵਾਲੀ, ਆਵਾ, ਬਹਿਕ ਖ਼ਾਸ, ਲਾਲੋ ਵਾਲੀ, ਥੇਹ ਕਲੰਦਰ ਆਦਿ ਦਰਜਨਾਂ ਹੋਰ ਪਿੰਡਾਂ ਤੋਂ ਆਈਆਂ ਰਿਪੋਰਟਾਂ ਮੁਤਾਬਿਕ ਤੇਜ਼ ਝੱਖੜ ਤੇ ਮੀਂਹ ਨਾਲ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ।

Ad Position 21
No active advertisement
ਪਿੰਡ ਤਾਰੇ ਵਾਲਾ ਦੇ ਕਿਸਾਨ ਮੀਂਹ ਕਰਕੇ ਹੋਇਆ ਨੁਕਸਾਨ ਦਿਖਾਉਂਦੇ ਹੋਏ। ਤਸਵੀਰ- ਜਸਕਰਨ ਸਿੰਘ ਤਨੇਜਾ 12-10-2026
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਆਏ ਭਾਰੇ ਤੂਫ਼ਾਨ ਅਤੇ ਵਰਖਾ ਨੇ ਸਾਉਣੀ ਦੀ ਪੱਕੀ ਪਕਾਈ ਖੜ੍ਹੀ ਝੋਨੇ ਦੀ ਮੁੱਖ ਫ਼ਸਲ ਜਿੱਥੇ ਖੇਤਾਂ ਵਿਚ ਧਰਤੀ ’ਤੇ ਵਿਛਾ ਦਿੱਤੀ ਉੱਥੇ ਹੀ ਵਿਕਣ ਲਈ ਮੰਡੀਆਂ ਵਿਚ ਆਇਆ ਝੋਨਾ ਪਾਣੀ ਵਿਚ ਵਹਿ ਗਿਆ। ਵੱਖ-ਵੱਖ ਪਿੰਡਾਂ ਕਰਨੀ ਖੇੜਾ, ਅਭੁੰਨ, ਬੰਨਵਾਲਾ, ਰਾਮਪੁਰਾ, ਕੌੜਿਆਂ ਵਾਲੀ, ਆਵਾ, ਬਹਿਕ ਖ਼ਾਸ, ਲਾਲੋ ਵਾਲੀ, ਥੇਹ ਕਲੰਦਰ ਆਦਿ ਦਰਜਨਾਂ ਹੋਰ ਪਿੰਡਾਂ ਤੋਂ ਆਈਆਂ ਰਿਪੋਰਟਾਂ ਮੁਤਾਬਿਕ ਤੇਜ਼ ਝੱਖੜ ਤੇ ਮੀਂਹ ਨਾਲ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ। ਕਿਸਾਨਾਂ ਨੇ ਦੱਸਿਆ ਕਿ ਕਹਿਰ ਦੀਆਂ ਧੁੱਪਾਂ ਵਿਚ ਉਨ੍ਹਾਂ ਨੇ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੱਡ-ਭੰਨਵੀਂ ਮਿਹਨਤ ਕੀਤੀ। ਜਦ ਹੁਣ ਖੇਤਾਂ ਵਿਚ ਝੋਨੇ ਦੀ ਫ਼ਸਲ ਪੱਕਣ ਕਿਨਾਰੇ ਸੀ ਤਾਂ ਕੁਦਰਤ ਦੇ ਕਹਿਰ ਨੇ ਫ਼ਸਲਾਂ ਦੀ ਬਰਬਾਦੀ ਕਰ ਦਿੱਤੀ। ਕਿਸਾਨਾਂ ਨੇ ਦੱਸਿਆ ਕਿ ਧਰਤੀ ’ਤੇ ਵਿਛੇ ਝੋਨੇ ਦੀ ਜਿੱਥੇ ਕਟਾਈ ਬਹੁਤ ਔਖੀ ਹੋਵੇਗੀ, ਪਾਣੀ ਵਿਚ ਡੁੱਬੇ ਸਿੱਟੇ ਕਾਲੇ ਹੋ ਜਾਣਗੇ ਤੇ ਝਾੜ ਪੱਖੋਂ ਝੋਨੇ ਦੇ ਦਾਣੇ ਕੱਖੋਂ ਹੋਲੇ ਹੋ ਜਾਣਗੇ। ਜੋ ਕਿ ਕਿਸਾਨ ਦੀ ਆਰਥਿਕ ਤਬਾਹੀ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਮੁਨਾਫ਼ਾ ਤਾਂ ਕੀ ਹੋਣਾ ਸਗੋਂ ਜੋ ਝੋਨਾ ਬਚੇਗਾ ਉਹ ਵੇਚ ਕੇ ਝੋਨੇ ਦੀ ਫ਼ਸਲ ਉੱਪਰ ਜੋ ਖ਼ਰਚਾ ਕੀਤਾ ਹੈ ਉਹ ਵੀ ਪੂਰਾ ਨਹੀਂ ਹੋਵੇਗਾ। ਵੱਖ-ਵੱਖ ਪਿੰਡਾਂ ਵਿਚੋਂ ਕਿਸਾਨਾਂ ਨੇ ਦੱਸਿਆ ਕਿ ਕਈਆਂ ਨੇ ਮੁੰਡੇ, ਕੁੜੀਆਂ ਦੀਆਂ ਵਿਆਹ ਸ਼ਾਦੀਆਂ, ਬੈਂਕਾਂ, ਸਹਿਕਾਰੀ ਬੈਂਕਾਂ ਤੇ ਸ਼ਾਹੂਕਾਰੀਆਂ ਦੇ ਕਰਜ਼ੇ ਉਤਾਰਨੇ ਉਨ੍ਹਾਂ ਦੇ ਸੁਪਨੇ ਸਨ, ਜੋ ਮਿੱਟੀ ਵਿਚ ਰੁਲ ਗਏ। ਦੂਸਰੇ ਪਾਸੇ ਦਾਣਾ ਮੰਡੀਆਂ ਨੱਕੋਂ ਨੱਕ ਝੋਨਾ ਵਿਕਣ ਲਈ ਭਰੀਆਂ ਪਈਆਂ ਹਨ। ਪਰਮਲ ਝੋਨੇ ਦੇ ਮੰਡੀਆਂ ਵਿਚ ਅੰਬਾਰ ਲੱਗੇ ਹੋਏ ਸਨ। ਕਿਤੇ ਝੋਨੇ ਦੇ ਢੇਰ ਪਏ ਹਨ, ਕਿਤੇ ਬੋਰੀਆਂ ਦੇ ਅੰਬਾਰ ਲੱਗੇ ਹਨ। ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ ਅੰਦਰ ਪੈਦਲ ਤੁਰਨਾ ਵੀ ਸੜਕਾਂ ’ਤੇ ਔਖਾ ਸੀ ਪਰ ਬੀਤੀ ਰਾਤ ਵਰਖਾ ਨੇ ਫ਼ਾਜ਼ਿਲਕਾ ਦੀ ਅਨਾਜ ਮੰਡੀ ਪਾਣੀ ਨਾਲ ਇਕਸਾਰ ਕਰ ਦਿੱਤੀ। ਜੀ.ਟੀ. ਰੋਡ ਦੇ ਨਾਲ ਲੱਗਦੇ ਫੜ੍ਹਾਂ ਅੰਦਰ 3 ਤੋਂ 4 ਫੁੱਟ ਤੱਕ ਪਾਣੀ ਖੜ੍ਹ ਗਿਆ। ਝੋਨੇ ਦੀਆਂ ਢੇਰੀਆਂ ਇਕਸਾਰ ਹੋ ਗਈਆਂ। ਸ਼ੈਲਰਾਂ ਦੁਆਰਾ ਖ਼ਰੀਦਿਆ ਝੋਨਾ, ਜੋ ਲਿਫ਼ਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਹੀ ਪਿਆ ਸੀ, ਪਾਣੀ ਵਿਚ ਡੁੱਬ ਗਈਆਂ। ਮੰਡੀ ਵਿਚ ਬੈਠੇ ਕਿਸਾਨਾਂ ਜਰਨੈਲ ਸਿੰਘ ਕੰਧਵਾਲਾ, ਗੁਰਵਿੰਦਰ ਸਿੰਘ, ਰਾਮ ਕ੍ਰਿਸ਼ਨ ਬੇਗਾਂਵਾਲੀ, ਸਤੀਸ਼ ਕੁਮਾਰ ਖਿੱਪਾਵਾਲੀ ਆਦਿ ਨੇ ਦੱਸਿਆ ਕਿ ਉਹ ਪਿਛਲੇ 5 ਦਿਨਾਂ ਤੋਂ ਝੋਨੇ ਦੀ ਫ਼ਸਲ ਮੰਡੀ ਵਿਚ ਲੈ ਕੇ ਬੈਠੇ ਸਨ। ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗਣ ਕਾਰਨ ਵਪਾਰੀ ਵਰਗ ਝੋਨੇ ਦੀ ਫ਼ਸਲ ਕੁੱਝ ਘੱਟ ਖ਼ਰੀਦ ਰਿਹਾ ਹੈ ਅਤੇ ਬੀਤੀ ਰਾਤ ਪੀਣ ਨੇ ਸਾਰੀਆਂ ਢੇਰੀਆਂ ਦੇ ਕਈ ਢੇਰ ਬਣਾ ਦਿੱਤੇ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਮੰਡੀ ਵਿਚ ਪਾਣੀ ਭਰਨ ਨਾਲ ਕਰੋੜਾਂ ਰੁਪਏ ਦੀ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਨੁਕਸਾਨ ਸਿਰਫ਼ ਕਿਸਾਨ ਦਾ ਨਹੀਂ ਬਲਕਿ ਆੜ੍ਹਤੀ ਅਤੇ ਸ਼ੈਲਰ ਮਾਲਕਾਂ ਦਾ ਵੀ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਉੱਪਰ ਮਾੜੇ ਪ੍ਰਬੰਧਾਂ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੀ ਵਾਰ ਕਣਕ ਦੇ ਸੀਜ਼ਨ ਦੌਰਾਨ ਵੀ ਇਸ ਤਰ੍ਹਾਂ ਬੇਮੌਸਮੀ ਬਰਸਾਤ ਕਾਰਨ ਫ਼ਾਜ਼ਿਲਕਾ ਦੀ ਮੰਡੀ ਵਿਚ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ ਬਲਕਿ ਪ੍ਰਸ਼ਾਸਨ ਨੇ ਪਾਣੀ ਦੀ ਨਿਕਾਸੀ ਵੱਲ ਕੋਈ ਧਿਆਨ ਨਹੀਂ ਦਿੱਤਾ। ਜੇਕਰ ਸਮਾਂ ਰਹਿੰਦਿਆਂ ਪ੍ਰਸ਼ਾਸਨ ਵਲੋਂ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਤਾਂ ਝੋਨੇ ਦੀ ਫ਼ਸਲ ਦਾ ਨੁਕਸਾਨ ਨਹੀਂ ਹੋਣਾ ਸੀ। ਮੰਡੀ ਲਾਧੂਕਾ ’ਚ ਵੀ ਝੋਨੇ ਦੀ ਫ਼ਸਲ ਦਾ ਹੋਇਆ ਨੁਕਸਾਨ ਮੰਡੀ ਲਾਧੂਕਾ, (ਮਨਪ੍ਰੀਤ ਸਿੰਘ ਸੈਣੀ)- ਮੰਡੀ ਲਾਧੂਕਾ ਇਲਾਕੇ ਵਿਚ ਬੀਤੀ ਰਾਤ ਆਈ ਭਾਰੀ ਬਾਰਸ਼ ਤੇ ਝੱਖੜ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀਆਂ ਝੋਨੇ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਮੌਕੇ ਪਿੰਡ ਰੰਗੀਲਾ ਦੇ ਕਿਸਾਨ ਮਨਪ੍ਰੀਤ ਸਿੰਘ, ਲੇਖ ਰਾਜ, ਲਾਲ ਚੰਦ, ਲਖਵੀਰ ਸਿੰਘ, ਗੁਰਜੰਟ ਸਿੰਘ, ਗਿਆਨ ਸਿੰਘ, ਬਲਕਾਰ ਸਿੰਘ, ਗੁਲਾਬ ਸਿੰਘ, ਮਦਨ ਲਾਲ, ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਦੇ ਕਿਸਾਨ ਹਰਪ੍ਰੀਤ ਸਿੰਘ ਲਾਧੂਕਾ, ਪਿੰਡ ਚੱਕ ਬੁੱਧੋਕੇ ਦੇ ਕਿਸਾਨ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਬੀਤੀ ਰਾਤ ਝੱਖੜ ਤੇ ਬਾਰਸ਼ ਨਾਲ ਖੇਤਾਂ ਵਿਚ ਖੜ੍ਹੀਆਂ ਝੋਨੇ ਦੀ ਫ਼ਸਲਾਂ ਦੇ ਦਾਣੇ ਝੜ ਕੇ ਥੱਲੇ ਡਿਗ ਪਏ ਹਨ। ਕਿਸਾਨਾਂ ਨੇ ਕਿਹਾ ਕਿ ਜਿਹੜੇ ਖੇਤਾਂ ਵਿਚ ਹਰਾ ਝੋਨਾ ਖੜ੍ਹਾ ਸੀ ਉਹ ਸਾਰਾ ਝੋਨਾ ਧਰਤੀ ’ਤੇ ਵਿਛ ਗਿਆ ਹੈ ਜਿਸ ਦੇ ਕਾਰਨ ਝੋਨੇ ਦਾ 50 ਪ੍ਰਤੀਸ਼ਤ ਤੋਂ ਲੈ ਕੇ 80 ਪ੍ਰਤੀਸ਼ਤ ਨੁਕਸਾਨ ਹੋ ਗਿਆ ਹੈ। ਜਲਾਲਾਬਾਦ ਤੇ ਆਸ-ਪਾਸ ਦੇ ਪਿੰਡਾਂ ’ਚ ਫ਼ਸਲ ਹੋਈ ਖਰਾਬ ਜਲਾਲਾਬਾਦ, (ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਅਤੇ ਆਸ-ਪਾਸ ਦੇ ਪਿੰਡ ਤਾਰੇ ਵਾਲਾ ਵਿਚ ਮੀਂਹ ਕਾਰਨ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਛੇ ਮਹੀਨੇ ਦੀ ਮਿਹਨਤ ਅਤੇ ਹਜ਼ਾਰਾਂ ਰੁਪਏ ਖ਼ਰਚ ਕਰਕੇ ਪਾਲੀ ਫ਼ਸਲ ’ਤੇ ਮੀਂਹ ਦੀ ਮਾਰ ਪੈਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਮਾਯੂਸੀ ਛਾਈ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗੀਆਂ ਖੇਤੀ ਲਾਗਤਾਂ, ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜ਼ਲ ਅਤੇ ਮਸ਼ੀਨਰੀ ਦੇ ਵਧਦੇ ਖ਼ਰਚਿਆਂ ਦੇ ਬਾਵਜੂਦ ਉਹ ਦਿਨ-ਰਾਤ ਮਿਹਨਤ ਕਰਕੇ ਫ਼ਸਲ ਨੂੰ ਪਾਲਦੇ ਹਨ ਪਰ ਕੁਦਰਤ ਦੀ ਕਰੋਪੀ ਉਨ੍ਹਾਂ ਦੀ ਸਾਰੀ ਮਿਹਨਤ ’ਤੇ ਪਾਣੀ ਫੇਰ ਦਿੰਦੀ ਹੈ। ਮੀਂਹ ਕਾਰਨ ਪ੍ਰਭਾਵਿਤ ਹੋਈ ਝੋਨੇ ਦੀ ਫ਼ਸਲ ਨੂੰ ਦੇਖ ਕੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਿੰਡ ਤਾਰੇ ਵਾਲੇ ਤੇ ਆਸ-ਪਾਸ ਦੇ ਪ੍ਰਭਾਵਿਤ ਪਿੰਡਾਂ ਵਿਚ ਖੇਤਾਂ ਦਾ ਤੁਰੰਤ ਸਰਵੇਖਣ ਕਰਵਾਇਆ ਜਾਵੇ ਅਤੇ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। (ਬਾਕੀ ਸਫ਼ਾ 7 ’ਤੇ)
Ad Position 22
No active advertisement
ਪਿਛਲੀ ਖ਼ਬਰ ਭਗੌੜਾ ਵਿਅਕਤੀ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਡੀਆਂ ਅੰਦਰ ਕੀਤੇ ਪ੍ਰਬੰਧਾਂ ਤੇ ਲਿਫਟਿੰਗ ਸੰਬੰਧੀ ਦਾਅਵਿਆਂ ਦੀ ਨਿਕਲੀ ਫੂਕ
Ad Position 24