ਫਿਰੋਜ਼ਪੁਰ-ਫ਼ਾਜ਼ਿਲਕਾ ਡੀ.ਐੱਮ.ਯੂ. ਰੇਲ-ਗੱਡੀ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ, ਰੇਲਵੇ ਕੋਲ ਲਿਖਤੀ ਸ਼ਿਕਾਇਤ ਦਰਜ
ਫ਼ਿਰੋਜ਼ਪੁਰ, 28 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਵਿਚਕਾਰ ਚੱਲਣ ਵਾਲੀ ਡੀ. ਐੱਮ.
ਫ਼ਿਰੋਜ਼ਪੁਰ, 28 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਵਿਚਕਾਰ ਚੱਲਣ ਵਾਲੀ ਡੀ.ਐੱਮ.ਯੂ. ਟਰੇਨ ਨੰਬਰ 74971 ਦੀ ਲਗਾਤਾਰ ਦੇਰੀ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੇਨ ਦੇ ਸਮੇਂ ਸਿਰ ਨਾ ਚੱਲਣ ਤੋਂ ਤੰਗ ਆ ਕੇ ਯਾਤਰੀਆਂ ਵਲੋਂ ਰੇਲਵੇ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨਿਊ ਆਜ਼ਾਦ ਨਗਰ, ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਗੁਰਮੇਲ ਸਿੰਘ ਨੇ ਰੇਲਵੇ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਸੌਂਪਦਿਆਂ ਦੱਸਿਆ ਕਿ ਇਹ ਡੀ.ਐੱਮ.ਯੂ. ਟਰੇਨ ਪਿਛਲੇ ਕਈ ਦਿਨਾਂ ਤੋਂ ਆਪਣ ਨਿਰਧਾਰਿਤ ਸਮੇਂ ਤੋਂ ਕਾਫ਼ੀ ਦੇਰੀ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰੇਨ ਲੇਟ ਹੋਣ ਕਾਰਨ ਰੋਜ਼ਾਨਾ ਆਪਣੀ ਨੌਕਰੀ ਤੇ ਕੰਮਕਾਜ ’ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫ਼ਿਰੋਜ਼ਪੁਰ ਤੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨਾਂ ’ਤੇ ਯਾਤਰੀ ਰੋਜ਼ਾਨਾ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਰਹੇ ਹਨ। ਯਾਤਰੀਆਂ ਨੇ ਦੱਸਿਆ ਕਿ ਇਸ ਲੇਟ-ਲਤੀਫ਼ੀ ਸਬੰਧੀ ਪਿਛਲੇ ਕਈ ਦਿਨਾਂ ਤੋਂ ਆਨਲਾਈਨ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਆਇਆ ਤੇ ਨਾ ਹੀ ਰੇਲਵੇ ਵੱਲੋਂ ਕੋਈ ਠੋਸ ਕਾਰਵਾਈ ਕੀਤੀ ਗਈ ਹੈ। ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ, ਸਰਕਾਰੀ ਤੇ ਨਿੱਜੀ ਮੁਲਾਜ਼ਮਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖਦਿਆਂ ਇਸ ਡੀ.ਐੱਮ.ਯੂ. ਟਰੇਨ ਨੂੰ ਨਿਰਧਾਰਿਤ ਸਮੇਂ ’ਤੇ ਚਲਾਉਣ ਲਈ ਤੁਰੰਤ ਜ਼ਰੂਰੀ ਤੇ ਯੋਗ ਕਦਮ ਚੁੱਕੇ ਜਾਣ ਤਾਂ ਜੋ ਯਾਤਰੀਆਂ ਨੂੰ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।